ਰਾਸ਼ਟਰਪਤੀ ਚੋਣ: ਐੱਨਡੀਏ ਦੀ ਰਾਸ਼ਟਰਪਤੀ ਲਈ ਉਮੀਦਵਾਰ ਦਰੋਪਦੀ ਮੁਰਮੂ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਨਵੀਂ ਦਿੱਲੀ, 24 ਜੂਨ – ਰਾਸ਼ਟਰਪਤੀ ਚੋਣ ਲਈ ਸੱਤਾਧਾਰੀ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਅਧਿਕਾਰੀ ਪੀਸੀ ਮੋਦੀ ਨੂੰ ਮੁਰਮੂ ਦੇ ਨਾਮਜ਼ਦਗੀ ਪੱਤਰ ਸੌਂਪੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਪਾਰਟੀ ਪ੍ਰਧਾਨ ਜੇਪੀ ਨੱਢਾ, ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਸਹਿਯੋਗੀ ਪਾਰਟੀਆਂ ਦੇ ਨੇਤਾ ਮੌਜੂਦ ਸਨ। ਇਸ ਦੌਰਾਨ ਦਰੋਪਦੀ ਮੁਰਮੂ ਨੇ ਕਾਗ਼ਜ਼ ਦਾਖਲ ਕਰਨ ਬਾਅਦ ਕਾਂਗਰਸ ਨੇਤਾ ਸੋਨੀਆ ਗਾਂਧੀ, ਐੱਨਸੀਪੀ ਦੇ ਸ਼ਰਦ ਪਵਾਰ ਤੇ ਟੀਐੱਮਸੀ ਦੀ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਉਮੀਦਵਾਰੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 29 ਜੂਨ ਹੈ ਤੇ ਚੋਣਾਂ 18 ਜੁਲਾਈ ਨੂੰ ਹੋਣਗੀਆਂ।