ਭਾਰਤੀ ਹਾਈ ਕਮਿਸ਼ਨ ਸ੍ਰੀ ਮੁਕਤੇਸ਼ ਪਰਦੇਸ਼ੀ ਦੇ ਨਿਊਜ਼ੀਲੈਂਡ ਵਿੱਚ ਤਿੰਨ ਸਾਲ ਪੂਰੇ ਹੋਣ ‘ਤੇ ਵਿਦਾਇਗੀ ਸਮਾਰੋਹ

ਆਕਲੈਂਡ, 26 ਜੂਨ – ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿਖੇ ਸਥਿਤ ਭਾਰਤੀ ਦੂਤਾਵਾਸ ਦੇ ਵਿੱਚ ਆਪਣੇ 3 ਸਾਲਾਂ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪਰਦੇਸ਼ੀ ਨੂੰ ਆਕਲੈਂਡ ਦੇ ਮਹਾਤਮਾ ਗਾਂਧੀ ਸੈਂਟਰ ਵਿਖੇ ਇੱਕ ਸਮਾਰੋਹ ਦੌਰਾਨ ਵਿਦਾਇਗੀ ਦਿੱਤੀ। ਭਾਵੇਂ ਹਾਲੇ ਉਹ ਕੁੱਝ ਹਫ਼ਤੇ ਨਿਊਜ਼ੀਲੈਂਡ ਵਿੱਚ ਹਨ ਪਰ ਆਕਲੈਂਡ ਦੀਆਂ ਸੰਸਥਾਵਾਂ ਅਤੇ ਸਥਾਨ ਐਥਨਿਕ ਮੀਡੀਆ ਵੱਲੋਂ ਉਨ੍ਹਾਂ ਦੇ ਭਵਿੱਖੀ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਇਹ ਸਨਮਾਨ ਸਮਾਗਮ ਆਕਲੈਂਡ ਇੰਡੀਅਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪਰਦੇਸ਼ੀ ਨੂੰ ਆਕਲੈਂਡ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਧੰਸੁਖ ਲਾਲ ਨੇ ਜੀ ਆਇਆ ਕਿਹਾ ਅਤੇ ਉਸ ਤੋਂ ਬਾਅਦ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪਰਦੇਸ਼ੀ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਉਹ 2019 ਵਿੱਚ ਮੈਕਸੀਕੋ ਤੋਂ ਬਾਅਦ ਨਿਊਜ਼ੀਲੈਂਡ ‘ਚ ਹਾਈ ਕਮਿਸ਼ਨਰ ਬਣ ਕੇ ਆਏ ਤਾਂ 2020 ਵਿੱਚ ਕੋਰੋਨਾ ਮਹਾਂਮਾਰੀ ਦੀਆਂ ਚੁਣੌਤੀਆਂ ਨਾਲ ਸਿੱਝਦੇ ਹੋਏ ਭਾਰਤੀ ਭਾਈਚਾਰੇ ਲਈ ਸੇਵਾਵਾਂ ਦਿੰਦੇ ਰਹੇ ਅਤੇ ਕੋਰੋਨਾ ਦੇ ਚਲਦੇ ਵੰਦੇ ਭਾਰਤ ਮਿਸ਼ਨ ਦੌਰਾਨ ਕਈ ਭਾਰਤੀਆਂ ਨੂੰ ਦੇਸ਼ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਭਾਰਤ ਲਈ ਸਿੱਧੀ ਉਡਾਣ ਦੀ ਗੱਲਬਾਤ ਜਾਰੀ ਹੈ, ਭਵਿੱਖ ‘ਚ ਇਸ ਦੇ ਜਲਦੀ ਹੀ ਸਿਰੇ ਚੜ੍ਹਨ ਦੀ ਆਸ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਚਾਹੁੰਦੇ ਹਨ ਕਿ ਭਾਰਤੀ ਭਾਈਚਾਰਾ ਕੁੱਝ ਤਿਉਹਾਰ ਸਾਂਝੇ ਤੌਰ ‘ਤੇ ਇਕੱਠੇ ਹੋ ਕੇ ਮਨਾਉਣ। ਉਨ੍ਹਾਂ ਵੈਲਿੰਗਟਨ ਵਿੱਚ ਨਵੀਂ ਬਣੀ ਭਾਰਤੀ ਹਾਈ ਕਮਿਸ਼ਨ ਦੀ ਬਿਲਡਿੰਗ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਉੱਥੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ। ਅੰਤ ਵਿੱਚ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪਰਦੇਸ਼ੀ ਜੀ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਭੂਮਿਕਾ ਨਵੀਂ ਦਿੱਲੀ ਵਿਖੇ G-20 ਦੇਸ਼ਾਂ ਦੇ ਭਾਰਤ ਵਿੱਚ ਬਣ ਰਹੇ ਦਫ਼ਤਰ ਵਿੱਚ G-20 ਦੇਸ਼ਾਂ ਦੇ ਇੰਚਾਰਜ ਦੇ ਤੌਰ ‘ਤੇ ਸੇਵਾ ਨਿਭਾਉਣਗੇ।
ਇਸ ਮੌਕੇ ਆਕਲੈਂਡ ਤੋਂ ਭਾਰਤ ਦੇ ਆਨਰੇਰੀ ਕੌਂਸਲ ਸ੍ਰੀ ਭਵਦੀਪ ਸਿੰਘ ਢਿੱਲੋਂ (ਭਵ ਢਿੱਲੋਂ) ਜੀ ਨੇ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪਰਦੇਸ਼ੀ ਜੀ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਤੋਂ ਮਿਲਦੇ ਰਹੇ ਸਹਿਯੋਗ ਲਈ ਧੰਨਵਾਦ ਕੀਤਾ।