ਰਾਸ਼ਟਰਪਤੀ ਚੋਣ: ਵਿਰੋਧੀ ਧਿਰ ਦੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਵੱਲੋਂ ਨਾਮਜ਼ਦਗੀ ਦਾਖਲ

ਨਵੀਂ ਦਿੱਲੀ, 27 ਜੂਨ – ਰਾਸ਼ਟਰਪਤੀ ਅਹੁਦੇ ਦੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ (84) ਨੇ ਅੱਜ ਨਾਮਜ਼ਦਗੀ ਕਾਗ਼ਜ਼ ਦਾਖਲ ਕਰ ਦਿੱਤੇ ਹਨ। 18 ਜੁਲਾਈ ਨੂੰ ਹੋਣ ਵਾਲੀ ਇਸ ਚੋਣ ਲਈ ਐੱਨਡੀਏ ਵੱਲੋਂ ਦਰੋਪਦੀ ਮੁਰਮੂ ਉਮੀਦਵਾਰ ਹਨ। ਸ੍ਰੀ ਸਿਨਹਾ ਦੇ ਹਮਾਇਤੀ ਨੇ ਇਸ ਚੋਣ ਨੂੰ ‘ਵਿਚਾਰਧਾਰਾਵਾਂ ਦੀ ਜੰਗ’ ਕਰਾਰ ਦਿੱਤਾ ਹੈ।
ਯਸ਼ਵੰਤ ਸਾਲ ਸਿਨਹਾ ਵੱਲੋਂ ਕਾਗ਼ਜ਼ ਦਾਖਲ ਕਰਵਾਏ ਜਾਣ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਨੀਲਿਮਾ ਤੋਂ ਇਲਾਵਾ ਰਾਹੁਲ ਗਾਂਧੀ, ਸ਼ਰਦ ਪਵਾਰ, ਅਖਿਲੇਸ਼ ਯਾਦਵ, ਫਾਰੂਕ ਅਬਦੁੱਲ੍ਹਾ ਤੇ ਕੇਟੀ ਰਾਮਾ ਰਾਓ ਸਮੇਤ 15 ਵਿਰੋਧੀ ਪਾਰਟੀਆਂ ਦੇ ਆਗੂ ਹਾਜ਼ਰ ਸਨ। ਸ੍ਰੀ ਸਿਨਹਾ ਵੱਲੋਂ ਰਾਜ ਸਭਾ ਦੇ ਸਕੱਤਰ ਜਨਰਲ ਤੇ ਰਾਸ਼ਟਰਪਤੀ ਚੋਣਾਂ ਲਈ ਰਿਟਰਨਿੰਗ ਅਫ਼ਸਰ ਪੀਸੀ ਮੋਦੀ ਨੂੰ ਨਾਮਜ਼ਦਗੀ ਪੱਤਰਾਂ ਦੇ ਚਾਰ ਸੈੱਟ ਜਮ੍ਹਾ ਕਰਵਾਏ ਗਏ। ਪਹਿਲੇ ਸੈੱਟ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਤਜਵੀਜ਼ਕਰਤਾ ਹਨ ਜਦਕਿ ਦੂਜੇ ਸੈੱਟ ‘ਚ ਟੀਐੱਮਸੀ ਦੇ ਆਗੂ ਸੁਦੀਪ ਬੰਦੋਪਾਧਿਆਏ ਤਜਵੀਜ਼ਕਰਤਾ ਹਨ। ਬਾਕੀ ਦੋ ਸੈੱਟਾਂ ‘ਚ ਡੀਐੱਮਕੇ ਸੁਪਰੀਮੋ ਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਤਜਵੀਜ਼ਕਰਤਾ ਹਨ। ਇਸੇ ਦੌਰਾਨ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਸ੍ਰੀ ਸਿਨਹਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਰਾਓ ਦੇ ਪੁੱਤਰ ਤੇ ਸੀਨੀਅਰ ਮੰਤਰੀ ਕੇਟੀ ਰਾਮਾ ਰਾਓ ਦੀ ਅਗਵਾਈ ਹੇਠ ਪਾਰਟੀ ਆਗੂਆਂ ਦਾ ਵਫ਼ਦ ਸੰਸਦ ‘ਚ ਸ੍ਰੀ ਸਿਨਹਾ ਨਾਲ ਗਿਆ। ਇਸ ਮੌਕੇ ਝਾਰਖੰਡ ਮੁਕਤੀ ਮੋਰਚਾ ਦਾ ਕੋਈ ਨੁਮਾਇੰਦਾ ਹਾਜ਼ਰ ਨਹੀਂ ਸੀ। ਮਹਾਰਾਸ਼ਟਰ ਦੇ ਸਿਆਸੀ ਸੰਕਟ ਕਾਰਨ ਸ਼ਿਵ ਸੈਨਾ ਦਾ ਕੋਈ ਆਗੂ ਵੀ ਇਸ ਮੌਕੇ ਹਾਜ਼ਰ ਨਹੀਂ ਹੋ ਸਕਿਆ। ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਮਗਰੋਂ ਸ੍ਰੀ ਸਿਨਹਾ ਤੇ ਵਿਰੋਧੀ ਧਿਰ ਦੇ ਆਗੂਆਂ ਨੇ ਸੰਸਦ ਦੇ ਗਲਿਆਰੇ ਵਿੱਚ ਮਹਾਤਮਾ ਗਾਂਧੀ ਤੇ ਬੀਆਰ ਅੰਬੇਡਕਰ ਦੇ ਬੁੱਤਾਂ ‘ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਯਸ਼ਵੰਤ ਸਿਨਹਾ ਲਈ ਚੋਣ ਪ੍ਰਚਾਰ ਵਾਸਤੇ 11 ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦੇ ਮੈਂਬਰਾਂ ਵਿੱਚ ਕਾਂਗਰਸ ਤੋਂ ਜੈਰਾਮ ਰਮੇਸ਼, ਡੀਐੱਮਕੇ ਤੋਂ ਤਿਰੁਚੀ ਸ਼ਿਵਾ, ਟੀਐੱਮਸੀ ਤੋਂ ਸੁਖੇਂਦੂ ਸ਼ੇਖਰ ਰੌਇ, ਸੀਪੀਆਈ (ਐੱਮ) ਤੋਂ ਸੀਤਾਰਾਮ ਯੇਚੁਰੀ, ਸਮਾਜਵਾਦੀ ਪਾਰਟੀ ਤੋਂ ਰਾਮ ਗੋਪਾਲ ਯਾਦਵ, ਐੱਨਸੀਪੀ ਤੋਂ ਪ੍ਰਫੁਲ ਪਟੇਲ, ਟੀਆਰਐੱਸ ਤੋਂ ਰਣਜੀਤ ਰੈੱਡੀ, ਆਰਜੇਡੀ ਤੋਂ ਮਨੋਜ ਝਾਅ, ਸੀਪੀਆਈ ਤੋਂ ਡੀ ਰਾਜਾ, ਇਸ ਸ਼ਿਵ ਸੈਨਾ ਦਾ ਮੈਂਬਰ ਤੇ ਸਿਵਲ ਸੁਸਾਇਟੀ ਮੈਂਬਰ ਸੁਧੀਂਦਰ ਕੁਲਕਰਨੀ ਸ਼ਾਮਲ ਹਨ। ਸ੍ਰੀ ਸਿਨਹਾ ਭਲਕ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਗੇ।