ਸੀਨੀਅਰ ਐਡਵੋਕੇਟ ਕੇ.ਕੇ.ਵੇਣੂਗੋਪਾਲ ਤਿੰਨ ਮਹੀਨੇ ਹੋਰ ਭਾਰਤ ਦੇ ਅਟਾਰਨੀ ਜਨਰਲ ਬਣੇ ਰਹਿਣਗੇ

ਨਵੀਂ ਦਿੱਲੀ, 30 ਜੂਨ – ਸੀਨੀਅਰ ਐਡਵੋਕੇਟ ਕੇ.ਕੇ. ਵੇਣੂਗੋਪਾਲ (91) ਤਿੰਨ ਮਹੀਨੇ ਹੋਰ ਭਾਰਤ ਦੇ ਅਟਾਰਨੀ ਜਨਰਲ ਬਣੇ ਰਹਿਣ ਲਈ ਸਹਿਮਤ ਹੋ ਗਏ ਹਨ। ਕੇਂਦਰ ਸਰਕਾਰ ਨੇ ਵੇਣੂਗੋਪਾਲ ਨੂੰ ਅਹੁਦੇ ਉੱਤੇ ਬਣੇ ਰਹਿਣ ਲਈ ਬੇਨਤੀ ਕੀਤੀ ਸੀ। ਉਨ੍ਹਾਂ ਦਾ ਮੌਜੂਦਾ ਇੱਕ ਸਾਲ ਦਾ ਕਾਰਜਕਾਲ 30 ਜੂਨ ਨੂੰ ਖ਼ਤਮ ਹੋ ਰਿਹਾ ਹੈ। ਖ਼ਬਰਾਂ ਮੁਤਾਬਿਕ ਵੇਣੂਗੋਪਾਲ ‘ਨਿੱਜੀ ਕਾਰਣਾਂ’ ਕਰ ਕੇ ਅਹੁਦੇ ਉੱਤੇ ਬਣੇ ਰਹਿਣ ਦੇ ਚਾਹਵਾਨ ਨਹੀਂ ਸਨ। ਪਰ ਕੇਂਦਰ ਸਰਕਾਰ ਵੱਲੋਂ ਕੀਤੀ ਬੇਨਤੀ ਤੋਂ ਬਾਅਦ ਉਹ ਤਿੰਨ ਮਹੀਨੇ ਹੋਰ ਭਾਰਤ ਸਰਕਾਰ ਦੇ ਸਭ ਤੋਂ ਸਿਖ਼ਰਲੇ ਕਾਨੂੰਨ ਅਧਿਕਾਰੀ ਬਣੇ ਰਹਿਣ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਨੇ ਜੁਲਾਈ 2017 ਵਿੱਚ ਮੁਕੁਲ ਰੋਹਤਗੀ ਦੀ ਥਾਂ ਅਟਾਰਨੀ ਜਨਰਲ ਨਿਯੁਕਤ ਕੀਤਾ ਸੀ। ਅਟਾਰਨੀ ਜਨਰਲ ਦਾ ਕਾਰਜਕਾਲ ਆਮ ਤੌਰ ‘ਤੇ ਤਿੰਨ ਸਾਲ ਹੁੰਦਾ ਹੈ। ਜਦ ਵੇਣੂਗੋਪਾਲ ਦਾ ਪਹਿਲਾ ਕਾਰਜਕਾਲ 2020 ਵਿੱਚ ਖ਼ਤਮ ਹੋਇਆ ਸੀ ਤਾਂ ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਇਕ ਸਾਲ ਦਾ ਵਾਧਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਵੇਣੂਗੋਪਾਲ ਦਾ ਕਾਰਜਕਾਲ ਇੱਕ ਸਾਲ ਹੋਰ ਵਧਾਇਆ ਗਿਆ ਸੀ। ਵੇਣੂਗੋਪਾਲ ਇਸ ਵੇਲੇ ਸੁਪਰੀਮ ਕੋਰਟ ਵਿੱਚ ਕਈ ਵੱਡੇ ਕੇਸ ਲੜ ਰਹੇ ਹਨ।