ਨਿਊਜ਼ ਚੈਨਲ ਪਰੋਸ ਰਹੇ ਹਨ ਮਨੋਰੰਜਨ

ਪ੍ਰੋ. ਕੁਲਬੀਰ ਸਿੰਘ ਮੋਬਾਈਲ : +91 94171 53513

ਭਾਰਤ ਵਿੱਚ ਤੁਸੀਂ ਕਿਤੇ ਵੀ ਜਾਓਗੇ ਟੈਲੀਵਿਜ਼ਨ ‘ਤੇ ਭਾਰਤੀ ਨਿਊਜ਼ ਚੈਨਲ ਚੱਲਦੇ ਨਜ਼ਰ ਆਉਣਗੇ ਕਿਉਂਕਿ ਇਨ੍ਹਾਂ ਨੇ ਮਨੋਰੰਜਨ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ ਹੈ।
ਹਰ ਰੋਜ਼, ਹਰ ਹਫ਼ਤੇ, ਹਰ ਮਹੀਨੇ ਕੋਈ ਨਾ ਕੋਈ ਅਜਿਹੀ ਸਟੋਰੀ ਇਨ੍ਹਾਂ ਨੂੰ ਮਿਲ ਜਾਂਦੀ ਹੈ ਜਿਸ ਰਾਹੀਂ ਦਰਸ਼ਕਾਂ ਦਾ ਚੋਖਾ ਮਨੋਰੰਜਨ ਹੋ ਜਾਂਦਾ ਹੈ।
ਖ਼ਬਰ ਭਾਵੇਂ ਬੇਹੱਦ ਦੁਖਾਂਤਕ ਹੋਵੇ ਉਹ ਦੇ ਵਿੱਚੋਂ ਵੀ ਮਨੋਰੰਜਨ ਪੈਦਾ ਕਰ ਲੈਣਾ ਇਨ੍ਹਾਂ ਦੇ ਖੱਬੇ ਹੱਥ ਦੀ ਖੇਡ ਹੈ।
ਰੋਜ਼ਾਨਾ ਅਜੀਤ ਵਿੱਚ ਬੀਤੇ ਦਿਨੀਂ ਇਕ ਕਾਰਟੂਨ ਛਪਿਆ ਸੀ। ਸਾਰਾ ਪਰਿਵਾਰ ਬੈਠ ਕੇ ਬੜੀ ਉਤਸੁਕਤਾ ਨਾਲ ਟੀ.ਵੀ. ਵੇਖ ਰਿਹਾ ਹੈ। ਇਕ ਔਰਤ ਕਹਿ ਰਹੀ ਹੈ, “ਮਹਾਂਰਾਸ਼ਟਰ ਦੀਆਂ ਸਿਆਸੀ ਖ਼ਬਰਾਂ ਸੀਰੀਅਲਾਂ ਨਾਲੋਂ ਵੀ ਦਿਲਚਸਪ ਤੇ ਰੁਮਾਂਚਕ ਹਨ।”
ਅੱਜ ਨਿਊਜ਼ ਚੈਨਲਾਂ ਅਤੇ ਮਨੋਰੰਜਨ ਚੈਨਲਾਂ ਵਿਚਾਲੇ ਅੰਤਰ ਕਰਨਾ ਮੁਸ਼ਕਲ ਹੋ ਗਿਆ ਹੈ। ਨਿਊਜ਼ ਚੈਨਲਾਂ ਲਈ ਹੁਣ ਕਿਸੇ ਨਵੇਂ ਨਾਂ, ਨਵੀਂ ਸ਼੍ਰੇਣੀ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਇਹੀ ਨਹੀਂ ਨਵੀਂ ਪਰਿਭਾਸ਼ਾ ਵੀ ਘੜ ਲੈਣੀ ਚਾਹੀਦੀ ਹੈ।
ਨਵੀਂ ਪਰਿਭਾਸ਼ਾ ਘੜ ਵੀ ਲਈ ਗਈ ਹੈ। ਨਿਊਜ਼ ਚੈਨਲ ਆਰੰਭ ਕਰਨ ਲਈ ਸਰਕਾਰ ਤੋਂ, ਵੱਖ-ਵੱਖ ਮਹਿਕਮਿਆਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਮਨਜ਼ੂਰੀ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਲਈ ਅਜਿਹਾ ਕੀਤਾ ਜਾਣ ਲੱਗਾ ਹੈ।
ਭਾਰਤੀ ਨਿਊਜ਼ ਚੈਨਲ ਆਪਣੇ ਪ੍ਰੋਗਰਾਮਾਂ ਦੀ ਰੂਪ-ਰੇਖਾ ਬੜੀ ਚੁਸਤੀ ਚਲਾਕੀ ਨਾਲ ਤਿਆਰ ਕਰਦੇ ਹਨ। ਇਕ ਤਾਂ ਉਹ ਖ਼ਬਰਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ ਅਰਥਾਤ ਖ਼ਬਰਾਂ ਨੂੰ ਦਿਲਚਸਪ, ਆਕਰਸ਼ਕ, ਸਨਸਨੀਖ਼ੇਜ਼ ਅਤੇ ਨਾਟਕੀ ਢੰਗ ਨਾਲ ਪੇਸ਼ ਕਰਦੇ ਹਨ। ਦੂਸਰਾ ਸਿੱਧੇ ਤੌਰ ‘ਤੇ ਮਨੋਰੰਜਨ ਜਗਤ ਦੀਆਂ ਖ਼ਬਰਾਂ ਪਰੋਸਦੇ ਹਨ। ਦਰਸ਼ਕਾਂ ਦੇ ਇਕ ਵਰਗ-ਵਿਸ਼ੇਸ਼ ਦੀ ਅਜਿਹੀਆਂ ਖ਼ਬਰਾਂ ਵਿੱਚ ਰੁਚੀ ਵਧ ਰਹੀ ਹੈ।
ਇਕ ਸਰਵੇ ਅਨੁਸਾਰ ਮਨੋਰੰਜਨ ਨਾਲ ਸਬੰਧਤ ਖ਼ਬਰਾਂ ਦੀ ਫ਼ੀਸਦੀ ਪਿਛਲੇ ਸਾਲਾਂ ਦੌਰਾਨ ਲਗਾਤਾਰ ਵਧੀ ਹੈ। ਕਈ ਨਿਊਜ਼ ਚੈਨਲ ਤਾਂ ਸੀਰੀਅਲਾਂ ਦੇ ਨਾਂ ‘ਤੇ ਹੀ ਪ੍ਰੋਗਰਾਮ ਪੇਸ਼ ਕਰਨ ਤੱਕ ਚਲੇ ਗਏ ਹਨ। ਫ਼ਿਲਮ ਸਮੱਗਰੀ ਨੂੰ ਨਿਊਜ਼ ਚੈਨਲ ਆਪਣੇ-ਆਪਣੇ ਢੰਗ ਨਾਲ ਪ੍ਰਸਾਰਿਤ ਕਰ ਰਹੇ ਹਨ।
ਇਉਂ ਲੱਗਦਾ ਹੈ ਜਿਵੇਂ ਖ਼ਬਰ ਦੀ ਪਰਿਭਾਸ਼ਾ ਅਤੇ ਖ਼ਬਰ ਪ੍ਰਤੀ ਸਾਡਾ ਨਜ਼ਰੀਆ ਹੀ ਬਦਲ ਗਿਆ ਹੈ।
ਇਕ ਹੋਰ ਸਰਵੇ ਵਿਚ 73.9 ਫ਼ੀਸਦੀ ਭਾਰਤੀਆਂ ਨੇ ਕਿਹਾ ਕਿ ਭਾਰਤੀ ਨਿਊਜ਼ ਚੈਨਲ ਖ਼ਬਰਾਂ ਨਾਲੋਂ ਵੱਧ ਮਨੋਰੰਜਨ ਦਾ ਸਰੋਤ ਬਣ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਵੇ ਦੌਰਾਨ ਹਰੇਕ ਵਰਗ ਦੇ ਦਰਸ਼ਕਾਂ ਦੁਆਰਾ ਕੀਤਾ ਗਿਆ।
ਮੀਡੀਆ ਅਤੇ ਮਨੋਰੰਜਨ ਦਾ ਹਮੇਸ਼ਾ ਨੇੜਲਾ ਰਿਸ਼ਤਾ ਰਿਹਾ ਹੈ ਪਰੰਤੂ ਸਮਾਂ ਪਾ ਕੇ ਨਿਊਜ਼ ਚੈਨਲ ਅੱਧੇ ਮਨੋਰੰਜਨ ਚੈਨਲ ਬਣ ਜਾਣਗੇ ਕਦੇ ਕਿਸੇ ਨੇ ਨਹੀਂ ਸੋਚਿਆ ਸੀ।
ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮੀਡੀਆ ਤੇ ਮਨੋਰੰਜਨ ਬਜ਼ਾਰ ਹੈ। ਅਜਿਹੇ ਮਾਹੌਲ ਵਿੱਚ ਨਿਊਜ਼ ਚੈਨਲਾਂ ਦਾ ਮਨੋਰੰਜਨ ਖੇਤਰ ਵੱਲ ਖਿਸਕਦੇ ਜਾਣਾ ਅਚੰਭੇ ਭਰਿਆ ਵੀ ਹੈ ਅਤੇ ਚੁਣੌਤੀ ਭਰਿਆ ਵੀ। ਨਿਊਜ਼ ਚੈਨਲਾਂ ਦੇ ਇਸ ਸੰਕਟ ਸਬੰਧੀ ਸੋਚਦਿਆਂ ਸਭ ਤੋਂ ਵੱਡਾ ਸਵਾਲ ਮਨ ਵਿੱਚ ਇਹੀ ਉੱਭਰਦਾ ਹੈ ਕਿ ਉਹ ਚੀਜ਼ ਕਿੱਥੇ ਹੈ, ਜਿਸ ਨੂੰ ਕਦੇ ਪੱਤਰਕਾਰੀ ਕਿਹਾ ਜਾਂਦਾ ਸੀ। ਬਾਕੀ ਨਫ਼ੇ-ਨੁਕਸਾਨ ਲਾਂਭੇ ਵੀ ਧਰ ਦੇਈਏ ਤਾਂ ਸਭ ਤੋਂ ਵੱਡਾ ਨੁਕਸਾਨ ਉਸ ਪੱਤਰਕਾਰੀ ਦਾ ਹੋ ਰਿਹਾ ਹੈ।
ਭਾਰਤੀ ਨਿਊਜ਼ ਚੈਨਲਾਂ ਨੂੰ ਜਦ ਪਤਾ ਲੱਗਾ ਕਿ ਮਨੋਰੰਜਨ-ਸਮੱਗਰੀ ਨਾਲ ਟੀ.ਆਰ.ਪੀ. ਵੱਧ ਦੀ ਹੈ ਤਾਂ ਉਨ੍ਹਾਂ ਨੇ ਫ਼ਿਲਮ ਉਦਯੋਗ ਵੱਲ ਰੁਖ਼ ਕੀਤਾ। ਹੁਣ ਨਿਊਜ਼ ਚੈਨਲ ਮਨੋਰੰਜਨ ਸਮੱਗਰੀ ਲਈ ਵੱਖਰੀ ਟੀਮ ਰੱਖਣ ਲੱਗ ਗਏ ਹਨ। ਬਾਲੀਵੁੱਡ ਤੋਂ ਬਾਅਦ ਮਨੋਰੰਜਨ ਚੈਨਲਾਂ ਤੋਂ ਮਸਾਲਾ ਲਿਆ ਜਾ ਰਿਹਾ ਹੈ। ਇਹ ਦੇ ਲਈ ਨਿਊਜ਼ ਚੈਨਲਾਂ ਦੀ ਨਜ਼ਰ ਸੀਰੀਅਲ, ਕਾਮੇਡੀ ਸ਼ੋਅ ਅਤੇ ਰਿਆਲਿਟੀ ਸ਼ੋਅ ‘ਤੇ ਰਹਿੰਦੀ ਹੈ। ਇਸ ਮਕਸਦ ਲਈ ਜਦ ਕੋਈ ਚੈਨਲ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਕਰਦਾ ਹੈ ਤਾਂ ਉਸੇ ਤਰਜ਼ ‘ਤੇ ਬਾਕੀ ਚੈਨਲ ਵੀ ਪ੍ਰੋਗਰਾਮ ਆਰੰਭ ਕਰ ਲੈਂਦੇ ਹਨ। ਨਕਲ ਕਰਨ ਅਤੇ ਆਈਡੀਆ ਚੁਰਾਉਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ।
ਆਨੇ ਬਹਾਨੇ ਫ਼ਿਲਮ ਅਤੇ ਟੈਲੀਵਿਜ਼ਨ ਕਲਾਕਾਰਾਂ ਨੂੰ ਚਰਚਾ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਾਂ ਬਾਈਟ ਰਾਹੀਂ ਦਰਸ਼ਕਾਂ ਰੂਬਰੂ ਲੈ ਆਉਂਦੇ ਹਨ।
ਤੁਹਾਨੂੰ ਯਾਦ ਹੋਵੇਗਾ ਜਦ ਵੀ ਫ਼ਿਲਮ ਜਗਤ ਦੇ ਕਿਸੇ ਕਲਾਕਾਰ ਜਾਂ ਉਸ ਦੇ ਪਰਿਵਾਰਕ ਮੈਂਬਰ ਨਾਲ ਕੁੱਝ ਮਾੜਾ ਵਾਪਰਦਾ ਹੈ ਤਾਂ ਨਿਊਜ਼ ਚੈਨਲ ਕਿਵੇਂ ਮਹੀਨਿਆਂ ਤੱਕ ਉਸ ਸਟੋਰੀ ਨੂੰ ਖਿੱਚਦੇ ਹਨ। ਸੁਸ਼ਾਂਤ ਰਾਜਪੂਤ ਅਤੇ ਸ਼ਾਹਰੁਖ ਦੇ ਲੜਕੇ ਦੇ ਮਾਮਲੇ ਵਿੱਚ ਕੁੱਝ ਨਿਊਜ਼ ਚੈਨਲਾਂ ਨੇ ਕੀ ਕੁੱਝ ਕੀਤਾ ਅਜੇ ਤੁਹਾਨੂੰ ਭੁੱਲਿਆ ਨਹੀਂ ਹੋਵੇਗਾ।
ਇੰਟਰਨੈੱਟ ਅਤੇ ਯੂਟਿਊਬ ਨੇ ਨਿਊਜ਼ ਚੈਨਲਾਂ ਦੀ ਇਸ ਅਜੀਬ ਲੋੜ ਨੂੰ ਮਜ਼ਬੂਤ ਠੁੰਮ੍ਹਣਾ ਦਿੱਤਾ ਹੈ। ਉੱਥੋਂ ਤਰ੍ਹਾਂ ਤਰ੍ਹਾਂ ਦੀ ਸਮੱਗਰੀ ਲੈ ਕੇ ਵਾਰ-ਵਾਰ ਪੇਸ਼ ਕਰਕੇ ਦਰਸ਼ਕਾਂ ਨੂੰ ਆਰਕਸ਼ਤ ਕੀਤਾ ਜਾਣ ਲੱਗਾ ਹੈ। ਅੱਜ ਸਥਿਤੀ ਇਹ ਹੈ ਕਿ ਬਹੁ-ਗਿਣਤੀ ਦਰਸ਼ਕ ਉਸੇ ਨੂੰ ਖ਼ਬਰ ਸਮਝ ਕੇ ਵੇਖੀ ਸੁਣੀ ਜਾ ਰਹੇ ਹਨ। ਦਰਅਸਲ ਆਮ ਦਰਸ਼ਕਾਂ ਨੂੰ ਲਗਾਤਾਰ ਅਜਿਹੀ ਹਲਕੀ-ਫੁਲਕੀ ਸਮੱਗਰੀ ਵਿਖਾ ਕੇ ਉਸ ਦੀ ਆਦਤ ਪਾ ਦਿੱਤੀ ਗਈ ਹੈ। ਭਾਰਤੀ ਦਰਸ਼ਕਾਂ ਵਿੱਚ ਇੱਕ ਵੱਡਾ ਵਰਗ ਅਜਿਹਾ ਹੈ ਜਿਹੜਾ ਮਨੋਰੰਜਨ ਨੂੰ ਵਧੇਰੇ ਪਸੰਦ ਕਰਦਾ ਹੈ। ਹੌਲੀ-ਹੌਲੀ ਨਿਊਜ਼ ਚੈਨਲਾਂ ‘ਤੇ ਮਨੋਰੰਜਨ ਸਮੱਗਰੀ ਦੀ ਅਨੁਪਾਤ ਵੱਧ ਦੀ ਜਾ ਰਹੀ ਹੈ। ਇਕ ਦਿਨ ਅਜਿਹਾ ਆਵੇਗਾ ਮਨੋਰੰਜਨ ਚੈਨਲਾਂ ਦੀ ਲੋੜ ਹੀ ਨਹੀਂ ਰਹੇਗੀ। ਦਰਸ਼ਕਾਂ ਦੀ ਮਨੋਰੰਜਨ ਦੀ ਭੁੱਖ ਖ਼ਬਰ ਚੈਨਲ ਹੀ ਪੂਰੀ ਕਰ ਦੇਣਗੇ।
ਪ੍ਰੋ. ਕੁਲਬੀਰ ਸਿੰਘ
ਮੋਬਾਈਲ : +91 94171 53513