ਦੋ ਸੂਬਿਆਂ ਦੀ ਪੁਲੀਸ ਟੀਵੀ ਐਂਕਰ ਰੋਹਿਤ ਦੀ ਗ੍ਰਿਫ਼ਤਾਰੀ ਲਈ ਆਪਸ ‘ਚ ਭਿੜੀ

ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ‘ਗ਼ਲਤ ਸੰਦਰਭ’ ਵਿਚ ਦਿਖਾਉਣ ਦਾ ਮਾਮਲਾ
ਗਾਜ਼ੀਆਬਾਦ/ਰਾਏਪੁਰ, 5 ਜੁਲਾਈ – ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ‘ਗ਼ਲਤ ਸੰਦਰਭ’ ਵਿਚ ਦਿਖਾਉਂਦੇ ਹੋਏ ਇਕ ਖ਼ਬਰ ਪ੍ਰਸਾਰਿਤ ਕਰਨ ਦੇ ਮਾਮਲੇ ਵਿਚ ਟੈਲੀਵਿਜ਼ਨ ਐਂਕਰ ਰੋਹਿਤ ਰੰਜਨ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰਨ ਲਈ ਛੱਤੀਸਗੜ੍ਹ ਪੁਲੀਸ ਦੀ ਇਕ ਟੀਮ ਅੱਜ ਸਵੇਰੇ ਯੂਪੀ ਦੇ ਗਾਜ਼ੀਆਬਾਦ ਪਹੁੰਚੀ, ਪਰ ਐਂਕਰ ਨੂੰ ਨੋਇਡਾ ਪੁਲੀਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ। ਖ਼ਬਰਾਂ ਮੁਤਾਬਿਕ ਕਾਂਗਰਸ ਦੀ ਸੱਤਾ ਵਾਲੇ ਛੱਤੀਸਗੜ੍ਹ ਦੀ ਪੁਲੀਸ ਪ੍ਰਾਈਵੇਟ ਖ਼ਬਰ ਚੈਨਲ ‘ਜ਼ੀ ਨਿਊਜ਼’ ਦੇ ਐਂਕਰ ਰੰਜਨ ਦੇ ਗਾਜ਼ੀਆਬਾਦ ਦੇ ਇੰਦਰਾਪੁਰਮ ਸਥਿਤ ਘਰ ਤੜਕੇ ਪਹੁੰਚੀ ਤੇ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਪੁਲੀਸ ਟੀਮ ਇਸ ਤੋਂ ਕੁਝ ਘੰਟੇ ਬਾਅਦ ਐਂਕਰ ਦੇ ਘਰ ਪਹੁੰਚ ਗਈ। ਨੋਇਡਾ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ, ‘ਪਹਿਲੀ ਜੁਲਾਈ ਨੂੰ ਰੰਜਨ ਦੇ ਸ਼ੋਅ ਦੌਰਾਨ ਪ੍ਰਸਾਰਿਤ ਹੋਏ ਛੇੜਛਾੜ ਵਾਲੇ ਵੀਡੀਓ ਬਾਰੇ ਉਨ੍ਹਾਂ ਦੇ ਆਪਣੇ ਚੈਨਲ ਵੱਲੋਂ ਹੀ ਦਰਜ ਕਰਾਈ ਗਈ ਸ਼ਿਕਾਇਤ ਦੇ ਅਧਾਰ ਉੱਤੇ ਐਫਆਈਆਰ ਦਰਜ ਕੀਤੀ ਗਈ ਸੀ। ਇਸੇ ਐਫਆਈਆਰ ਦੇ ਸਬੰਧ ‘ਚ ਨੋਇਡਾ ਸੈਕਟਰ 20 ਪੁਲੀਸ ਥਾਣੇ ਦੀ ਇਕ ਟੀਮ ਨੇ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਘਰੋਂ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।’ ਇਸੇ ਦੌਰਾਨ ਰਾਏਪੁਰ ਦੇ ਐੱਸਐੱਸਪੀ ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਕਾਂਗਰਸ ਵਿਧਾਇਕ ਦੇਵੇਂਦਰ ਯਾਦਵ ਦੀ ਸ਼ਿਕਾਇਤ ਉੱਤੇ ਐਤਵਾਰ ਨੂੰ ਰੰਜਨ ਤੇ ‘ਜ਼ੀ ਨਿਊਜ਼’ ਦੇ ਹੋਰਾਂ ਮੁਲਾਜ਼ਮਾਂ ਖ਼ਿਲਾਫ਼ ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਪੈਦਾ ਕਰਨ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ। ਯਾਦਵ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਜਿਸ ਵੀਡੀਓ ਵਿਚ ਰਾਹੁਲ ਨੇ ਉਨ੍ਹਾਂ ਦੇ ਵਾਇਨਾਡ ਦਫ਼ਤਰ ਵਿਚ ਤੋੜ-ਭੰਨ ਕਰਨ ਵਾਲਿਆਂ ਨੂੰ ਬੱਚੇ ਦੱਸਿਆ ਸੀ ਤੇ ਕਿਹਾ ਸੀ ਕਿ ਉਨ੍ਹਾਂ ਦੇ ਮਨ ਵਿਚ ਉਨ੍ਹਾਂ ਲਈ ਕੋਈ ਮਾੜੀ ਭਾਵਨਾ ਨਹੀਂ ਹੈ, ਉਸ ਨੂੰ ਟੀਵੀ ਚੈਨਲ ਨੇ ਪਹਿਲੀ ਜੁਲਾਈ ਨੂੰ ‘ਸ਼ਰਾਰਤੀ ਢੰਗ ਨਾਲ ਇਸਤੇਮਾਲ ਕੀਤਾ ਤੇ ਅਜਿਹਾ ਦਿਖਾਇਆ ਕਿ ਰਾਹੁਲ ਉਦੈਪੁਰ ਵਿਚ ਦਰਜ਼ੀ ਕਨ੍ਹਈਆ ਲਾਲ ਦੇ ਹੱਤਿਆਰਿਆਂ ਨੂੰ ਮੁਆਫ਼ ਕਰਨ ਦੀ ਗੱਲ ਕਰ ਰਹੇ ਹਨ। ਰੰਜਨ ਦੇ ਖ਼ਿਲਾਫ਼ ਦਰਜ ਸ਼ਿਕਾਇਤ ਦੇ ਮਾਮਲੇ ਵਿਚ ਯੂਪੀ ਤੇ ਛੱਤੀਸਗੜ੍ਹ ਦੋਵਾਂ ਰਾਜਾਂ ਦੀ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅੱਜ ਉਨ੍ਹਾਂ ਦੇ ਘਰ ਪਹੁੰਚ ਗਈ।
ਇਸ ਤੋਂ ਪਹਿਲਾਂ ਰੰਜਨ ਦੋ ਜੁਲਾਈ ਨੂੰ ਇਸ ਮਾਮਲੇ ਵਿਚ ਮੁਆਫ਼ੀ ਵੀ ਮੰਗ ਚੁੱਕੇ ਹਨ। ਰੰਜਨ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਦੇ ਸ਼ੋਅ ‘ਡੀਐੱਨਏ’ ਵਿਚ ਰਾਹੁਲ ਗਾਂਧੀ ਦਾ ਬਿਆਨ ਗ਼ਲਤ ਸੰਦਰਭ ਵਿਚ ਚੱਲ ਗਿਆ ਸੀ। ਇਹ ਇਕ ਮਨੁੱਖੀ ਭੁੱਲ ਸੀ ਜਿਸ ਦੇ ਲਈ ਟੀਮ ਮੁਆਫ਼ੀ ਮੰਗਦੀ ਹੈ ਤੇ ਉਨ੍ਹਾਂ ਨੂੰ ਇਸ ਦਾ ਅਫ਼ਸੋਸ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇਤਾਵਾਂ ਸਮੇਤ ਕਈ ਲੋਕਾਂ ਨੇ ਗ਼ਲਤ ਸੰਦਰਭ ਵਿਚ ਦਿਖਾਏ ਗਏ ਇਸ ਵੀਡੀਓ ਦਾ ਇਸਤੇਮਾਲ ਰਾਜਸਥਾਨ ਦੇ ਉਦੈਪੁਰ ਵਿਚ ਹੋਈ ਦਰਦਨਾਕ ਹੱਤਿਆ ਦੀ ਘਟਨਾ ਦੇ ਮੱਦੇਨਜ਼ਰ ਗਾਂਧੀ ਤੇ ਕਾਂਗਰਸ ਉੱਤੇ ਨਿਸ਼ਾਨਾ ਸੇਧਣ ਲਈ ਕੀਤਾ ਸੀ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਐਂਕਰ ਖ਼ਿਲਾਫ਼ ਛੱਤੀਸਗੜ੍ਹ, ਯੂਪੀ ਤੇ ਰਾਜਸਥਾਨ ਵਿਚ ਕਈ ਥਾਵਾਂ ਉੱਤੇ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਂਗਰਸ ਵਿਧਾਇਕ ਯਾਦਵ ਨੇ ‘ਜ਼ੀ ਨਿਊਜ਼’ ਦੇ ਡਾਇਰੈਕਟਰ, ਪ੍ਰਧਾਨ ਤੇ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਉੱਤੇ ਵੀ ਫ਼ਿਰਕੂ ਦੰਗੇ ਭੜਕਾਉਣ ਤੇ ਸਮਾਜਿਕ ਸਦਭਾਵ ਨੂੰ ਵਿਗਾੜਨ ਦੇ ਇਰਾਦੇ ਨਾਲ ਰਾਹੁਲ ਗਾਂਧੀ ਖ਼ਿਲਾਫ਼ ਫ਼ਰਜ਼ੀ ਖ਼ਬਰਾਂ ਚਲਾਉਣ ਦਾ ਦੋਸ਼ ਲਾਇਆ ਹੈ।