ਕਾਨਪੁਰ (ਯੂਪੀ), 6 ਜੁਲਾਈ – 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਹੋਈ ਹਿੰਸਾ ਦੇ ਦੋ ਵੱਖ-ਵੱਖ ਮਾਮਲਿਆਂ ਦੇ ਸਬੰਧ ਵਿੱਚ ਬੁੱਧਵਾਰ ਨੂੰ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬੁੱਧਵਾਰ ਨੂੰ ਐੱਸਆਈਟੀ ਨੇ ਕਾਨਪੁਰ ਜ਼ਿਲ੍ਹੇ ਦੇ ਨੌਬਸਤਾ ਇਲਾਕੇ ਵਿੱਚ ਦੋ ਵਿਅਕਤੀਆਂ ਦੀ ਡਕੈਤੀ ਅਤੇ ਹੱਤਿਆ ਦੇ ਦੋਸ਼ ਵਿੱਚ ਸਿੱਧ ਗੋਪਾਲ ਗੁਪਤਾ ਉਰਫ਼ ਬੱਬੂ (66) ਅਤੇ ਜਤਿੰਦਰ ਕੁਮਾਰ ਤਿਵਾੜੀ ਉਰਫ਼ ਰਾਜਾ ਬਾਬੂ (58) ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿਦਵਈ ਨਗਰ ਦੇ ਰਹਿਣ ਵਾਲੇ ਹਨ। ਏਜੰਸੀ ਨੇ ਯੋਗੇਸ਼ ਸ਼ਰਮਾ (65) ਅਤੇ ਉਸ ਦੇ ਭਰਾ ਭਰਤ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਤੇ ਸ਼ਹਿਰ ਦੇ ਗੋਵਿੰਦ ਨਗਰ ਇਲਾਕੇ ‘ਚ 7 ਵਿਅਕਤੀਆਂ ਦੀ ਡਕੈਤੀ ਅਤੇ ਹੱਤਿਆ ਦੇ ਦੋਸ਼ ਲਗਾਏ ਗਏ ਹਨ। ਦੋਵਾਂ ਮਾਮਲਿਆਂ ਵਿੱਚ, ਹਮਲਾਵਰਾਂ ਨੇ ਲਾਸ਼ਾਂ ਅਤੇ ਮ੍ਰਿਤਕਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਸੀ।
ਪੁਲਿਸ ਸੁਪਰਡੈਂਟ ਅਤੇ ਐੱਸਆਈਟੀ ਮੈਂਬਰ ਬਲੇਂਦੂ ਭੂਸ਼ਣ ਨੇ ਕਿਹਾ ਕਿ ਕਾਨਪੁਰ ਪੁਲਿਸ ਨੇ ਪਹਿਲਾਂ ਵੱਖ-ਵੱਖ ਆਧਾਰਾਂ ‘ਤੇ ਦੋਵਾਂ ਮਾਮਲਿਆਂ ਵਿੱਚ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਸਨ। ਉਨ੍ਹਾਂ ਕਿਹਾ, “ਪੁਲਿਸ ਦੋਵਾਂ ਮਾਮਲਿਆਂ ਵਿੱਚ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ”। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਐੱਸਆਈਟੀ ਨੇ ਹਿੰਸਾ ਦੌਰਾਨ ਕਿਦਵਈ ਨਗਰ ਖੇਤਰ ਵਿੱਚ ਹੋਈ ਤਿੰਨ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿੱਚ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। 23 ਜੂਨ ਨੂੰ ਐੱਸਆਈਟੀ ਨੇ ਜਸਵੰਤ (68), ਰਮੇਸ਼ ਚੰਦਰ ਦੀਕਸ਼ਿਤ (62), ਰਵੀਸ਼ੰਕਰ ਮਿਸ਼ਰਾ (76), ਭੋਲਾ (70) ਅਤੇ ਗੰਗਾ ਬਖਸ਼ ਸਿੰਘ (60) ਨੂੰ ਗ੍ਰਿਫ਼ਤਾਰ ਕੀਤਾ ਸੀ। 15 ਜੂਨ ਨੂੰ ਏਜੰਸੀ ਨੇ ਇਸ ਮਾਮਲੇ ਵਿੱਚ ਚਾਰ ਹੋਰਾਂ ਦੀ ਪਛਾਣ ਸਫੀਉੱਲਾ (62), ਅਬਦੁਲ ਰਹਿਮਾਨ (65), ਵਿਜੇ ਨਰਾਇਣ ਸਿੰਘ ਉਰਫ਼ ਬਚਨ ਸਿੰਘ (62) ਅਤੇ ਯੋਗੇਂਦਰ ਸਿੰਘ ਉਰਫ਼ ਬੱਬਨ ਬਾਬਾ (65) ਵਜੋਂ ਕੀਤੀ ਸੀ। 21 ਜੂਨ ਨੂੰ ਇਸ ਨੇ ਮੋਬਿਨ ਸ਼ਾਹ (60) ਅਤੇ ਅਮਰ ਸਿੰਘ (61) ਨੂੰ ਹਿਰਾਸਤ ਵਿੱਚ ਲਿਆ ਸੀ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਉਨ੍ਹਾਂ ਦੇ ਕੀਤੇ ਕਤਲ ਤੋਂ ਬਾਅਦ ਭੜਕੀ ਹਿੰਸਾ ਵਿੱਚ ਕਾਨਪੁਰ ਜ਼ਿਲ੍ਹੇ ਵਿੱਚ 127 ਲੋਕਾਂ ਦੀ ਮੌਤ ਹੋਈ ਸੀ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਕਾਨਪੁਰ ਵਿੱਚ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਸਾਰੇ 1,251 ਮਾਮਲਿਆਂ ਦੀ ਜਾਂਚ ਲਈ 2019 ਵਿੱਚ ਇੱਕ ਐੱਸਆਈਟੀ ਦਾ ਗਠਨ ਕੀਤਾ ਸੀ। ਐੱਸਆਈਟੀ ਨੇ 1,251 ਮਾਮਲਿਆਂ ਵਿੱਚੋਂ 40 ਨੂੰ ਸ਼ਾਰਟਲਿਸਟ ਕੀਤਾ ਜੋ ਗੰਭੀਰ ਕਿਸਮ ਦੇ ਸਨ। 40 ਮਾਮਲਿਆਂ ਵਿੱਚੋਂ ਕਾਨਪੁਰ ਪੁਲਿਸ ਨੇ 11 ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ ਅਤੇ ਬਾਕੀ 29 ਵਿੱਚ ਕਲੋਜ਼ਰ ਰਿਪੋਰਟਾਂ ਦਾਖ਼ਲ ਕੀਤੀਆਂ ਹਨ। ਐੱਸਆਈਟੀ ਨੂੰ 29 ਵਿੱਚੋਂ 9 ਕੇਸਾਂ ਵਿੱਚ ਸਬੂਤ ਨਹੀਂ ਮਿਲੇ ਜਿਨ੍ਹਾਂ ਵਿੱਚ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਸਨ।
Home Page 1984 ਸਿੱਖ ਵਿਰੋਧੀ ਦੰਗੇ: ਕਾਨਪੁਰ ‘ਚ ਐੱਸਆਈਟੀ ਨੇ ਦੋ ਵੱਖ-ਵੱਖ ਮਾਮਲਿਆਂ ‘ਚ...