ਟੈਂਪਰੇ (ਫਿਨਲੈਂਡ), 21 ਜੁਲਾਈ – ਫਿਨਲੈਂਡ ‘ਚ 29 ਜੂਨ ਤੋਂ 10 ਜੁਲਾਈ ਤੱਕ ਹੋਈਆਂ ‘ਵਰਲਡ ਮਾਸਟਰ ਅਥਲੈਟਿਕਸ 2022 ‘ ਚੈਂਪੀਅਨਸ਼ਿਪ ਵਿੱਚ ਇੰਗਲੈਂਡ ਦੀ ਟੀਮ ਨੇ ਰਿਲੇਅ ਦੌੜ ‘ਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਵਰਲਡ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਇੰਗਲੈਂਡ ਦੀ ਕਾਂਸੀ ਦਾ ਤਗਮਾ ਜਿੱਤਣ ਵਾਲੀ ਰਿਲੇਅ ਦੌੜ ਦੀ ਟੀਮ ‘ਚ ਗੌਰਿਆਂ ਨਾਲ ਇੱਕ ਸਿੱਖ ਦੌੜਾਕ ਰਸ਼ਪਾਲ ਸਿੰਘ ਸੇਖਾ ਵੀ ਸ਼ਾਮਿਲ ਸੀ। ਭਾਰਤੀ ਮੂਲ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਰਸ਼ਪਾਲ ਸਿੰਘ ਕਵੈਂਟਰੀ ਵਿਖੇ ਰਹਿੰਦੇ ਹਨ। ਹੁਣ ਤੱਕ ਉਨ੍ਹਾਂ ਵੱਖ-ਵੱਖ ਵਰਲਡ ਮਾਸਟਰਜ਼ ਖੇਡਾਂ ‘ਚ ਹਿੱਸਾ ਲੈਂਦਿਆਂ ਕਈ ਤਗਮੇ ਜਿੱਤੇ ਹਨ। ਵਰਲਡ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਇਸ ਵਾਰ 70 ਸਾਲਾ ਉਮਰ ਵਰਗ ਦੇ ਗਰੁੱਪ ‘ਚ ਕਾਂਸੀ ਦਾ ਤਗਮਾ ਜਿੱਤ ਕੇ ਰਸ਼ਪਾਲ ਸਿੰਘ ਨੇ ਸਮੁੱਚੇ ਪੰਜਾਬੀਆਂ ਦਾ ਮਾਣ ਵਧਾਇਆ ਹੈ।
ਜ਼ਿਕਰਯੋਗ ਹੈ ਕਿ ਸਰਦਾਰ ਰਸ਼ਪਾਲ ਸਿੰਘ ਸੇਖਾ ਨੇ 2017 ਵਿੱਚ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਹੋਈਆਂ ਵਰਲਡ ਮਾਸਟਰ ਗੇਮਜ਼ ਵਿੱਚ ਇੰਗਲੈਂਡ ਦੇ ਵੱਲੋਂ ਵੀ ਖੇਡਾਂ ਵਿੱਚ ਹਿੱਸਾ ਲਿਆ ਸੀ।
Athletics ਵਰਲਡ ਮਾਸਟਰ ਅਥਲੈਟਿਕਸ 2022: ਰਿਲੇਅ ਦੌੜ ‘ਚ ਇੰਗਲੈਂਡ ਦੇ ਰਸ਼ਪਾਲ ਸਿੰਘ ਸੇਖਾ...