ਚੀਨ ਨੇ ਅਮਰੀਕਾ ਅਤੇ ਤਾਇਵਾਨ ਖ਼ਿਲਾਫ਼ ਸਖ਼ਤ ਕਦਮ ਉਠਾਉਣ ਦੀ ਦਿੱਤੀ ਚਿਤਾਵਨੀ
ਤਾਇਪੇ, 3 ਅਗਸਤ – ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਬੁੱਧਵਾਰ ਨੂੰ ਕਿਹਾ ਕਿ ਤਾਇਵਾਨ ਦੇ ਦੌਰੇ ’ਤੇ ਆਇਆ ਅਮਰੀਕੀ ਵਫ਼ਦ ਇਹ ਸੁਨੇਹਾ ਦੇ ਰਿਹਾ ਹੈ ਕਿ ਅਮਰੀਕਾ ਸਵੈ-ਸ਼ਾਸਿਤ ਟਾਪੂ ਪ੍ਰਤੀ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਤਾਇਵਾਨ ਨੂੰ ਅਮਰੀਕਾ ਇਕੱਲਿਆਂ ਨਹੀਂ ਛੱਡੇਗਾ ਅਤੇ ਉਸ ਦੀ ਰੱਖਿਆ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਚੀਨੀ ਵਿਰੋਧ ਦੇ ਬਾਵਜੂਦ ਪੇਲੋਸੀ ਦੀ ਅਗਵਾਈ ਹੇਠਲੇ ਵਫ਼ਦ ਨੇ ਤਾਇਵਾਨ ’ਚ ਕਈ ਪ੍ਰੋਗਰਾਮਾਂ ’ਚ ਸ਼ਮੂਲੀਅਤ ਕੀਤੀ। ਇਸ ਮਗਰੋਂ ਨੈਨਸੀ ਪੇਲੋਸੀ ਤਾਇਵਾਨ ਤੋਂ ਦੱਖਣੀ ਕੋਰੀਆ ਲਈ ਰਵਾਨਾ ਹੋ ਗਈ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨਾਲ ਮੀਟਿੰਗ ਦੌਰਾਨ ਆਪਣੇ ਸੰਖੇਪ ਭਾਸ਼ਣ ’ਚ ਪੇਲੋਸੀ ਨੇ ਕਿਹਾ,‘‘ਅੱਜ ਦੁਨੀਆ ਸਾਹਮਣੇ ਲੋਕਤੰਤਰ ਅਤੇ ਤਾਨਾਸ਼ਾਹੀ ਵਿਚੋਂ ਕਿਸੇ ਇਕ ਨੂੰ ਚੁਣਨ ਦੀ ਚੁਣੌਤੀ ਹੈ। ਤਾਇਵਾਨ ਅਤੇ ਦੁਨੀਆ ਭਰ ’ਚ ਸਾਰੀਆਂ ਥਾਵਾਂ ’ਤੇ ਲੋਕਤੰਤਰ ਦੀ ਰੱਖਿਆ ਨੂੰ ਲੈ ਕੇ ਅਮਰੀਕਾ ਆਪਣੀ ਵਚਨਬੱਧਤਾ ਪ੍ਰਤੀ ਬਜ਼ਿਦ ਹੈ।’’ ਤਾਇਵਾਨ ਨੂੰ ਆਪਣਾ ਇਲਾਕਾ ਦੱਸਣ ਅਤੇ ਉਥੋਂ ਦੇ ਅਧਿਕਾਰੀਆਂ ਵੱਲੋਂ ਹੋਰ ਮੁਲਕਾਂ ਨਾਲ ਗੱਲਬਾਤ ਦਾ ਵਿਰੋਧ ਕਰਨ ਵਾਲੇ ਚੀਨ ਨੇ ਅਮਰੀਕੀ ਵਫ਼ਦ ਦੇ ਮੰਗਲਵਾਰ ਰਾਤ ਤਾਇਵਾਨ ਦੀ ਰਾਜਧਾਨੀ ਤਾਇਪੇ ਪਹੁੰਚਣ ਮਗਰੋਂ ਟਾਪੂ ਦੇ ਚਾਰੇ ਪਾਸੇ ਫ਼ੌਜੀ ਮਸ਼ਕਾਂ ਦਾ ਐਲਾਨ ਕਰ ਦਿੱਤਾ ਅਤੇ ਸਖ਼ਤ ਬਿਆਨ ਜਾਰੀ ਕੀਤੇ। ਚੀਨ ਨੇ ਤਾਇਵਾਨ ਤੋਂ ਫਲਾਂ ਅਤੇ ਮੱਛੀ ਸਮੇਤ ਕੁਝ ਹੋਰ ਵਸਤਾਂ ਦੀ ਦਰਾਮਦ ’ਤੇ ਵੀ ਪਾਬੰਦੀ ਲਗਾ ਦਿੱਤੀ। ਚੀਨ ਨੇ ਕਈ ਫਾਈਟਰ ਜੈੱਟ ਵੀ ਤਾਇਨਾਤ ਕੀਤੇ ਹਨ ਅਤੇ ਜਾਣਕਾਰੀ ਮੁਤਾਬਕ ਕੁਝ ਜੈੱਟਾਂ ਨੇ ਸਰਹੱਦੀ ਇਲਾਕਿਆਂ ’ਚ ਉਡਾਣਾਂ ਵੀ ਭਰੀਆਂ। ਚੀਨ ਨੇ ਤਾਇਵਾਨ ਨੂੰ ਆਜ਼ਾਦ ਕਰਾਉਣ ਲਈ ਸਰਗਰਮ ਕੁਝ ਜਥੇਬੰਦੀਆਂ ਅਤੇ ਅਦਾਰਿਆਂ ਖ਼ਿਲਾਫ਼ ਸਖ਼ਤ ਕਦਮ ਉਠਾਉਣ ਦੀ ਵੀ ਚਿਤਾਵਨੀ ਦਿੱਤੀ ਹੈ। ਉਧਰ ਤਾਇਵਾਨ ਨੇ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਖੁਦਮੁਖਤਿਆਰੀ ਦੀ ਉਲੰਘਣਾ ਹੋਈ ਤਾਂ ਉਹ ਵੀ ਇਸ ਦਾ ਜਵਾਬ ਦੇਣਗੇ। ਰਾਸ਼ਟਰਪਤੀ ਨੇ ਅਮਰੀਕਾ ਵੱਲੋਂ ਤਾਇਵਾਨ ਦੀ ਦਹਾਕਿਆਂ ਤੋਂ ਹਮਾਇਤ ਲਈ ਪੇਲੋਸੀ ਦਾ ਧੰਨਵਾਦ ਕੀਤਾ ਅਤੇ ਸਪੀਕਰ ਨੂੰ ਦੇਸ਼ ਦੇ ਸਰਵਉੱਚ ਸਨਮਾਨ ‘ਦਿ ਆਰਡਰ ਆਫ਼ ਦਿ ਪ੍ਰੋਪਿਸ਼ੀਅਸ ਕਲਾਊਡਜ਼’ ਨਾਲ ਸਨਮਾਨਿਤ ਕੀਤਾ।
ਚੀਨ ਨੇ ਕਿਹਾ ਕਿ ਉਹ ਅਮਰੀਕਾ ਅਤੇ ਤਾਇਵਾਨ ਖ਼ਿਲਾਫ਼ ਤਿੱਖੇ ਅਤੇ ਢੁੱਕਵੇਂ ਕਦਮ ਉਠਾਏਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਯਿੰਗ ਨੇ ਸਬਰ ਰੱਖਣ ਦੀ ਗੱਲ ਕਰਦਿਆਂ ਕਿਹਾ ਕਿ ਚੀਨ ਨੇ ਜੋ ਕੁਝ ਕਿਹਾ ਹੈ, ਉਹ ਕਰਕੇ ਰਹੇਗਾ। ਹੁਆ ਨੇ ਚੀਨੀ ਫ਼ੌਜ ਵੱਲੋਂ ਤਾਇਵਾਨ ਨੇੜੇ ਫਾਇਰਿੰਗ ਮਸ਼ਕਾਂ ਅਤੇ ਤਾਇਵਾਨ ਨੇੜੇ ਜੈੱਟਾਂ ਦੀ ਤਾਇਨਾਤੀ ਨੂੰ ਵੀ ਜਾਇਜ਼ ਠਹਿਰਾਇਆ ਅਤੇ ਕਿਹਾ ਕਿ ਚੀਨ ਨੂੰ ਪੇਲੋਸੀ ਦੇ ਦੌਰੇ ਕਾਰਨ ਆਪਣੀ ਰੱਖਿਆ ਕਰਨ ਲਈ ਮਜਬੂਰ ਕੀਤਾ ਗਿਆ ਕਿਉਂਕਿ ਅਮਰੀਕੀ ਆਗੂਆਂ ਦੇ ਦੌਰੇ ਨੇ ਚੀਨ ਦੀ ਖੁਦਮੁਖਤਿਆਰੀ ਅਤੇ ਇਲਾਕਾਈ ਅਖੰਡਤਾ ਦੀ ਉਲੰਘਣਾ ਕੀਤੀ ਹੈ। ਹੁਆ ਨੇ ਕਿਹਾ ਕਿ ਤਣਾਅ ਦਾ ਮੁੱਖ ਕਾਰਨ ਤਾਇਵਾਨ ਦੇ ਆਗੂਆਂ ਵੱਲੋਂ ਮੁਲਕ ਦੀ ਆਜ਼ਾਦੀ ਲਈ ਅਮਰੀਕੀ ਤਾਕਤ ਦੀ ਵਰਤੋਂ ਕਰਨਾ ਹੈ।
ਚੀਨ ਦੇ ਉਪ ਵਿਦੇਸ਼ ਮੰਤਰੀ ਸ਼ੀ ਫੇਂਗ ਨੇ ਚੀਨ ’ਚ ਅਮਰੀਕੀ ਸਫ਼ੀਰ ਨਿਕੋਲਸ ਬਰਨਜ਼ ਨੂੰ ਮੰਗਲਵਾਰ ਦੇਰ ਰਾਤ ਤਲਬ ਕਰਕੇ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਦਾ ਸਖ਼ਤ ਵਿਰੋਧ ਜਤਾਇਆ। ਖ਼ਬਰ ਏਜੰਸੀ ਸਿਨਹੁਆ ਮੁਤਾਬਕ ਸ਼ੀ ਫੇਂਗ ਨੇ ਕਿਹਾ ਕਿ ਚੀਨ ਦੇ ਵਿਰੋਧ ਦੇ ਬਾਵਜੂਦ ਯਾਤਰਾ ਜਾਰੀ ਰੱਖਣ ਕਾਰਨ ਅਮਰੀਕਾ ਨੂੰ ਉਸ ਦੀਆਂ ‘ਗਲਤੀਆਂ’ ਦੀ ਕੀਮਤ ਚੁਕਾਉਣੀ ਪਵੇਗੀ।
Home Page ਨੈਨਸੀ ਪੇਲੋਸੀ ਨੇ ਕਿਹਾ ਤਾਇਵਾਨ ਨੂੰ ਅਮਰੀਕਾ ਇਕੱਲਿਆਂ ਨਹੀਂ ਛੱਡੇਗਾ