ਬਾਲੀਵੁੱਡ: ਡਾਇਰੈਕਟਰ ਸਾਵਨ ਕੁਮਾਰ ਟਾਕ ਦਾ ਦਿਹਾਂਤ

ਮੁੰਬਈ, 25 ਅਗਸਤ – ਬਾਲੀਵੁੱਡ ਡਾਇਰੈਕਟਰ ਸਾਵਨ ਕੁਮਾਰ ਟਾਕ (86) ਦਾ ਅੱਜ ਸ਼ਾਮ ਵੇਲੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ‘ਸਨਮ ਬੇਵਫਾ’ ਤੇ ‘ਸੌਤਨ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਫੇਫੜਿਆਂ ਵਿੱਚ ਇਨਫੈਕਸ਼ਨ ਅਤੇ ਸਾਹ ਦੀ ਤਕਲੀਫ ਕਾਰਨ ਉਨ੍ਹਾਂ ਨੂੰ ਅੱਜ ਗੰਭੀਰ ਹਾਲਤ ਵਿੱਚ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਉਨ੍ਹਾਂ ਨੇ ਸ਼ਾਮ 4.15 ਵਜੇ ਅੰਤਿਮ ਸਾਹ ਲਿਆ। ਉਨ੍ਹਾਂ ਦੇ ਭਤੀਜੇ ਨਵੀਨ ਨੇ ਦੱਸਿਆ ਕਿ ਸਾਵਨ ਕੁਮਾਰ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਧੜਕਨ ਰੁਕਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਨਿਰਦੇਸ਼ਕ ਸਾਵਨ ਕੁਮਾਰ ਨੇ ਵਰ੍ਹਾ 1991 ਵਿੱਚ ਫਿਲਮ ‘ਸਨਮ ਬੇਵਫਾ’ ਦਾ ਨਿਰਦੇਸ਼ਨ ਕੀਤਾ ਸੀ ਜਿਸ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਬਤੌਰ ਹੀਰੋ ਭੂਮਿਕਾ ਨਿਭਾਈ ਸੀ। ਇਸੇ ਤਰ੍ਹਾਂ ਸਾਵਨ ਕੁਮਾਰ ਨੇ 1994 ਵਿੱਚ ‘ਚਾਂਦ ਕਾ ਟੁੱਕੜਾ’ ਤੇ 2003 ਵਿੱਚ ‘ਸਾਵਨ… ਦਿ ਲਵ ਸੀਜ਼ਨ’ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਉਨ੍ਹਾਂ ਨੇ ਸਾਲ 1972 ਵਿੱਚ ਫਿਲਮ ‘ਗੋਮਤੀ ਕੇ ਕਿਨਾਰੇ’ ਦਾ ਨਿਰਦੇਸ਼ਨ ਕਰਦਿਆਂ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।