ਪਾਪਾਟੋਏਟੋਏ, 14 ਸਤੰਬਰ – ਆਕਲੈਂਡ ਦੀਆਂ ਲੋਕਲ ਬੋਰਡ ਚੋਣਾਂ ਲਈ 16 ਸਤੰਬਰ ਤੋਂ ਵੋਟਿੰਗ ਓਪਨ ਹੋ ਰਹੀ ਹੈ, ਜੋ 8 ਅਕਤੂਬਰ 2022 ਨੂੰ ਦੁਪਹਿਰ 12 ਵਜੇ ਨੂੰ ਬੰਦ ਹੋਵੇਗੀ। ਵੋਟਿੰਗ ਪੇਪਰ ਘਰਾਂ ਵਿੱਚ ਡਾਕ ਰਾਹੀ ਆਉਣੇ ਸ਼ੁਰੂ ਹੋ ਜਾਣੇ ਹਨ ਅਤੇ ਤੁਸੀਂ ਸਮੇਂ ਸਿਰ ਆਪਣਾ ਵੋਟ ਪਾ ਕੇ ਆਪਣੇ ਪਸੰਦ ਦੇ ਉਮੀਦਵਾਰਾਂ ਨੂੰ ਕਾਮਯਾਬ ਬਣਾ ਸਕਦੇ ਹੋ।
ਇਨ੍ਹਾਂ ਲੋਕਲ ਬੋਰਡ ਦੀਆਂ ਚੋਣਾਂ ਵਿੱਚ ਪਾਪਾਟੋਏਟੋਏ ਲੋਕਲ ਬੋਰਡ ਦੀਆਂ ਚੋਣਾਂ ਵਿੱਚ ਪਾਪਾਟੋਏਟੋਏ ਇਲਾਕੇ ਤੋਂ ‘ਇੰਡੀਪੈਂਡਟਲੀ ਪਾਪਾਟੋਏਟੋਏ’ ਪਾਰਟੀ ਦੇ ਉਮੀਦਵਾਰ ਡੋਨ ਪੀਟਰ, ਲਿਮ ਐਲਬਰਟ, ਨਿਕਲੋਸ ਐਨ ਅਤੇ ਸਿੰਘ ਕਰਨੈਲ ਚੋਣ ਮੁਕਾਬਲੇ ਵਿੱਚ ਹਨ। ਇਨ੍ਹਾਂ ਚਾਰੇ ਉਮੀਦਵਾਰਾਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਉਨ੍ਹਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਉਣ।
‘ਇੰਡੀਪੈਂਡਟਲੀ ਪਾਪਾਟੋਏਟੋਏ’ ਦੇ ਉਮੀਦਵਾਰਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਸਾਡਾ ਨਗਰ ਪਾਪਾਟੋਏਟੋਏ ਰਹਿਣ ਅਤੇ ਕਾਰੋਬਾਰ ਵਾਸਤੇ ਇਕ ਬਹੁਤ ਵਧਿਆ ਅਸਥਾਨ ਰਿਹਾ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਸ ਖੇਤਰ ਵਿੱਚ ਨਾਗਰਿਕ ਅਤੇ ਕਾਰੋਬਾਰੀ ਸੁਰੱਖਿਆ ਵਿੱਚ ਆ ਰਹੀ ਗਿਰਾਵਟ ਇਕ ਬੜੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਅਸੀਂ ਆਪਣੀ ਵਧੀਆਂ ਸੇਵਾਵਾਂ ਰਾਹੀਂ ਪਾਪਾਟੋਏਟੋਏ ਦੇ ਵਸਨੀਕਾਂ ਨੂੰ ਵਧੇਰੇ ਅਧਿਕਾਰ ਦੇਣ ਵਾਸਤੇ ਤੇ ਪਾਪਾਟੋਏਟੋਏ ਨੂੰ ਰਹਿਣ ਵਾਸਤੇ ਇਕ ਸੁਰੱਖਿਅਤ ਅਸਥਾਨ ਬਣਾਉਣ ਲਈ ਵਚਨਬੱਧ ਹਾਂ।
ਉਨ੍ਹਾਂ ਦਾ ਕਹਿਣਾ ਹੈ ਕਿ ਇਕ ਖ਼ੁਸ਼ਹਾਲ ਅਤੇ ਚੰਗੇ ਵਾਤਾਵਰਨ ਵਾਲੇ ਨਗਰ ਵਿੱਚ ਰਹਿਣਾ ਸਾਡਾ ਹੱਕ ਹੈ। ਆਮ ਲੋਕਾਂ ਵੱਲੋਂ ਵਰਤੀ ਜਾਣ ਵਾਲੀ ਟ੍ਰਾਂਸਪੋਰਟ ਵਿੱਚ ਸੁਧਾਰ ਕਰਨ ਲਈ ਅਸੀਂ ਇਸ ਗੱਲ ਤੇ ਜ਼ੋਰ ਦਿੰਦੇ ਹਾਂ ਕਿ ਇਹ ਇਕ ਬਿਹਤਰ ਤਰੀਕੇ ਨਾਲ ਸਮੇਂ ਸਿਰ ਚਲੇ ਅਤੇ ਸੜਕਾਂ ਵਿੱਚ ਥਾਂ ਥਾਂ ਬਣੇ ਟੋਏ ਤੇ ਮੇਨਹੋਲ ਆਦਿ ਦਰੁਸਤ ਕੀਤੇ ਜਾਣ ਜਿਸ ਦੇ ਨਾਲ ਸੜਕਾਂ ਵਾਹਨਾਂ ਤੇ ਆਉਣ ਜਾਣ ਵਾਲਿਆਂ ਵਾਸਤੇ ਸੁਰੱਖਿਅਤ ਹੋਣ। ਨਗਰ ਦੀ ਆਰਥਿਕ ਹਾਲਤ ਵਿੱਚ ਸੁਧਾਰ ਉੱਤੇ ਧਿਆਨ ਦਿੰਦਿਆਂ ਬਿਨਾ ਵਾਤਾਵਰਨ ਨਾਲ ਛੇੜਛਾੜ ਕੀਤਿਆਂ, ਅਸੀਂ ਲੋਕਲ ਬੋਰਡ ਕੋਲੋਂ ਪਾਪਾਟੋਏਟੋਏ ਵਾਸਤੇ ਹੋਰ ਵੀ ਵਧ ਮਾਲੀ ਹਿੱਸੇਦਾਰੀ ਦੀ ਮੰਗ ਕਰਦੇ ਹਾਂ।
ਉਨ੍ਹਾਂ ਦਾ ਕਹਿਣਾ ਹੈ ਕਿ ਪਾਪਾਟੋਏਟੋਏ ਇਕ ਬਹੁ-ਸੱਭਿਆਚਾਰਕ ਸੁਸਾਇਟੀ (Multicultural Society) ਇਲਾਕਾ ਹੈ ਜਿੱਥੇ ਵੱਖ-ਵੱਖ ਭਾਈਚਾਰੇ ਤੇ ਧਰਮਾਂ ਦੇ ਲੋਕ ਆਪਸੀ ਸਾਂਝ ਨਾਲ ਰਹਿੰਦੇ ਹਨ। ਸਾਨੂੰ ਐਸੇ ਬਹੁ-ਸੱਭਿਆਚਾਰਕ ਸਮਾਜ ਦਾ ਹਿੱਸਾ ਹੋਣ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਸਥਾਨਿਕ ਪੱਧਰ ਉੱਤੇ ਹੋਣ ਵਾਲੇ ਸਮਾਜਿਕ ਪ੍ਰੋਗਰਾਮ (Neighbourhood Support Group) ਨੂੰ ਵਧੇਰੇ ਅਧਿਕਾਰ ਦੇ ਕੇ ਅਤੇ ਲੋਕਾਂ ਦੀ ਅਵਾਜ਼ ਨੂੰ ਆਕਲੈਂਡ ਕੌਂਸਲ ਤੱਕ ਪੂਰੇ ਜ਼ੋਰ ਨਾਲ ਉਠਾ ਕੇ ਹੀ ਅਸੀਂ ਆਪਣੇ ਨਗਰ ਪਾਪਾਟੋਏਟੋਏ ਦੀ ਅਮੀਰ ਸਥਾਨਕ ਇਤਿਹਾਸ ਅਤੇ ਡਾਇਵਰਸਿਟੀ ਦੀ ਸਹੀ ਅਰਥਾਂ ਵਿੱਚ ਰਾਖੀ ਕਰ ਸਕਦੇ ਹਾਂ।
‘ਇੰਡੀਪੈਂਡਟਲੀ ਪਾਪਾਟੋਏਟੋਏ’ ਦੇ ਉਮੀਦਵਾਰਾਂ ਨੇ ਕਿਹਾ ਕਿ ਤੁਹਾਡਾ ਵੋਟ ਆਪਣੇ ਨਗਰ ਪਾਪਾਟੋਏਟੋਏ ਦੇ ਚੰਗੇ ਭਵਿੱਖ ਅਤੇ ਗਤੀਸ਼ੀਲ ਸਮਾਜ ਦੀ ਰੂਪ-ਰੇਖਾ ਦਾ ਫ਼ੈਸਲਾ ਤਹਿ ਕਰੇਗੀ।
ਉਨ੍ਹਾਂ ਕਿਹਾ ਕਿ ਤੁਸੀਂ ਨਿਰਪੱਖ ਹੋਕੇ ਪਾਪਾਟੋਏਟੋਏ ਦੇ ਸੁੰਦਰ ਭਵਿੱਖ ਲਈ ‘ਇੰਡੀਪੈਂਡਟਲੀ ਪਾਪਾਟੋਏਟੋਏ’ ਦੇ ਉਮੀਦਵਾਰ ਡੋਨ ਪੀਟਰ, ਲਿਮ ਐਲਬਰਟ, ਨਿਕਲੋਸ ਐਨ ਅਤੇ ਸਿੰਘ ਕਰਨੈਲ ਨੂੰ ਵੋਟ ਪਾ ਕੇ ਕਾਮਯਾਬ ਬਣਾਓ।
Home Page ਲੋਕਲ ਬੋਰਡ ਚੋਣਾਂ ‘ਚ ਪਾਪਾਟੋਏਟੋਏ ਦੇ ਬਿਹਤਰ ਬਦਲਾਓ ਲਈ ‘ਇੰਡੀਪੈਂਡਟਲੀ ਪਾਪਾਟੋਏਟੋਏ’ ਦੇ...