2 ਅਕਤੂਬਰ ਨੂੰ ਸਾਬਕਾ ਹਾਕੀ ਖਿਡਾਰੀ ਸ. ਪ੍ਰਗਟ ਸਿੰਘ ਆਕਲੈਂਡ ‘ਚ ‘ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਗੇਮਜ਼’ ਦਾ ਪੋਸਟਰ ਜਾਰੀ ਕਰਨਗੇ

ਆਕਲੈਂਡ, 28 ਸਤੰਬਰ – ਇੱਥੇ 26 ਤੇ 27 ਨਵੰਬਰ ਨੂੰ ਹੋਣ ਵਾਲੀਆਂ ‘ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਗੇਮਜ਼’ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ, ਇਸੇ ਹੀ ਸੰਬੰਧ ਵਿੱਚ ਹੁਣ 2 ਅਕਤੂਬਰ ਨੂੰ ਐਨਜ਼ੈੱਡ ਸਿੱਖ ਗੇਮਜ਼ ਦਾ ਪੋਸਟਰ ਜਾਰੀ ਹੋਣ ਜਾ ਰਿਹਾ ਹੈ।
ਐਨਜ਼ੈੱਡ ਸਿੱਖ ਗੇਮਜ਼ ਦੀ ਮੈਨੇਜਮੈਂਟ ਵੱਲੋਂ ਇਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਹੁਣ ਭਾਰਤ ਦੇ ਸਾਬਕਾ ਹਾਕੀ ਖਿਡਾਰੀ ਪਦਮ ਸ੍ਰੀ ਤੇ ਅਰਜਨ ਐਵਾਰਡੀ ਸ. ਪ੍ਰਗਟ ਸਿੰਘ ਨਿਊਜ਼ੀਲੈਂਡ ਆ ਰਹੇ ਹਨ, ਉਹ 2 ਅਕਤੂਬਰ ਦਿਨ ਐਤਵਾਰ ਨੂੰ ‘ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਗੇਮਜ਼’ ਦਾ ਰੰਗਦਾਰ ਪੋਸਟਰ ਜਾਰੀ ਕਰਨਗੇ। ਮੈਨੂਕਾਓ ਵਿਖੇ ਰੱਖੇ ਗਏ ਇਸ ਸਮਾਗਮ ਦੇ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਪੱਤਰ ਭੇਜੇ ਗਏ ਹਨ ਅਤੇ ਸਪਾਂਸਰਜ਼ ਦੀ ਸਹਾਇਤਾ ਨਾਲ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦਿਨ ਖੇਡਾਂ ਨੂੰ ਹੁਲਾਰਾ ਦੇਣ ਲਈ ਫ਼ੰਡ ਰੇਜਿੰਗ ਵੀ ਕੀਤੀ ਜਾਵੇਗੀ। ਖੇਡਾਂ ਅਤੇ ਸਭਿਆਚਾਰ ਦਾ ਸੁਮੇਲ ਪੇਸ਼ ਕਰਦਿਆਂ ਕੁੱਝ ਸੱਭਿਆਚਾਰਕ ਵੰਨਗੀਆਂ ਵੀ ਹੋਣਗੀਆਂ। ਐਨਜ਼ੈੱਡ ਸਿੱਖ ਗੇਮਜ਼ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦਿਨ ਸ. ਪ੍ਰਗਟ ਸਿੰਘ ਆਪਣੇ ਦਸਤਖਤਾਂ ਵਾਲੀਆਂ ਹਾਕੀਆਂ ਵੀ ਉੱਥੇ ਫ਼ੰਡ ਰੇਜਿੰਗ ਵਾਸਤੇ ਉਪਲਬਧ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਇਸ ਵਾਰ ਖੇਡਾਂ ਦਾ ਉਤਸ਼ਾਹ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 70 ਤੋਂ 80% ਤੱਕ ਖਿਡਾਰੀਆਂ, ਖੇਡ ਕਲੱਬਾਂ, ਸੱਭਿਆਚਾਰਕ ਟੀਮਾਂ, ਸਥਾਨਿਕ ਗਾਇਕ ਤੇ ਗਾਇਕਾਵਾਂ, ਫੂਡ ਸਟਾਲ, ਦਸਤਾਰਬੰਦੀ ਕੈਂਪ, ਪੁਲਿਸ ਸਟਾਲ, ਬਿਜ਼ਨਸ ਸਟਾਲ ਅਤੇ ਵਲੰਟੀਅਰਜ਼ ਨੇ ਆਪਣੀ ਬੁਕਿੰਗ ਕਰਵਾ ਲਈ ਹੈ। ਖੇਡਾਂ ਦੇ ਲਈ ਬਣਾਈਆਂ ਗਈਆਂ ਵਿਸ਼ੇਸ਼ ਟਰਾਫ਼ੀਆਂ, ਮੈਡਲ ਅਤੇ ਸਰਟੀਫਿਕੇਟ ਆਦਿ ਤਿਆਰ ਹੋ ਗਏ ਹਨ। ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵੀ ਸੱਦਾ ਪੱਤਰ ਭੇਜੇ ਹੋਏ ਹਨ। ਆਸ ਹੈ ਕਿ ਇਸ ਵਾਰ ਭਾਰਤ, ਆਸਟਰੇਲੀਆ, ਕੈਨੇਡਾ ਅਤੇ ਪਾਕਿਸਤਾਨ ਤੋਂ ਖਿਡਾਰੀ ਪਹੁੰਚਣਗੇ।
2 ਅਕਤੂਬਰ ਵਾਲੇ ਸਮਾਗਮ ਵਾਸਤੇ ਕੁੱਝ ਸੀਟਾਂ ਦੇ ਲਈ ਅਜੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਆਪਣੀ ਸੀਟ ਬੁੱਕ ਕਰਾਉਣ ਦੇ ਲਈ ਸ. ਤਾਰਾ ਸਿੰਘ ਬੈਂਸ ਨੂੰ ਫ਼ੋਨ ਨੰਬਰ 0210 296 2843 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।