ਸੈਕਰਾਮੈਂਟੋ, 10 ਅਕਤੂਬਰ (ਹਸੁਨ ਲੜੋਆ ਬੰਗਾ) – ਸਿੱਖ ਧਰਮ ਦੀ ਵਿਲੱਖਣਤਾ ਦਰਸਾਉਣ ਅਤੇ ਵਿਦਿਆਰਥੀਆਂ, ਅਧਿਕਾਰੀਆਂ ਤੇ ਨਗਰ ਵਾਸੀਆਂ ਨੂੰ ਸਿੱਖ ਸਭਿਆਚਾਰ ਦੇ ਗੋਰਵ ਮਈ ਵਿਰਸੇ ਤੋਂ ਜਾਣੂ ਕਰਾਉਣ, ਸਿੱਖ ਪਛਾਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਅਮਰੀਕਾ ਦੇ ਓਹਾਈਓ ਦੇ ਸੂਬੇ ਦੀ ਰਾਈਟ ਸਟੇਟ ਯੂਨੀਵਰਸਿਟੀ, ਡੇਟਨ ਵਿਖੇ ‘ਸਿੱਖਸ ਇਨ ਅਮਰੀਕਾ ਐਂਡ ਰਾਈਟ ਸਟੇਟ ਯੂਨੀਵਰਸਿਟੀ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਮੌਜੂਦਾ, ਸਾਬਕਾ ਸਿੱਖ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਸੈਂਟਰ ਆਫ ਇੰਟਰਨੈਸ਼ਨਲ ਐਜੂਕੇਸ਼ਨ (ਯੂ.ਸੀ.ਆਈ.ਈ.) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।
ਯੂਨੀਵਰਸਿਟੀ ਵਿਖੇ ਸਾਲ 1979 ਤੋਂ ਕੰਮ ਕਰ ਰਹੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਰਤਨ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਜਿਹੇ ਸਮਾਗਮ ਕਰਵਾਉਣ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ 11 ਸਤੰਬਰ 2001 (9/11) ਦੇ ਹਮਲੇ ਤੋਂ ਬਾਅਦ ਹਰ ਟੀਵੀ ਚੈਨਲ ਵਲੋਂ ਓਸਾਮਾ ਬਿਨ ਲਾਦੇਨ ਦੀਆਂ ਪੱਗ ਅਤੇ ਦਾਹੜੀ ਵਾਲੀਆਂ ਤਸਵੀਰਾਂ ਨੂੰ ਦਿਖਾਇਆ ਜਾ ਰਿਹਾ ਸੀ, ਜਿਸ ਕਾਰਨ 9/11 ਤੋਂ ਬਾਅਦ ਸਾਡੇ ਬਾਰੇ ਲੋਕਾਂ ਦਾ ਨਜ਼ਰੀਆ ਥੋੜ੍ਹਾ ਬਦਲ ਗਿਆ। ਅਸੀਂ ਉਸ ਤੋਂ ਚਾਰ ਦਿਨ ਬਾਦ ਐਰੀਜ਼ੋਨਾ ਵਿਖੇ ਬਲਬੀਰ ਸਿੰਘ ਸੋਢੀ ਨੂੰ ਗੁਆ ਦਿੱਤਾ, ਕਿਉਂਕਿ ਆਮ ਲੋਕਾਂ ਨੂੰ ਸਿੱਖਾਂ ਬਾਰੇ ਪਤਾ ਨਹੀਂ ਸੀ। ਇਹੀ ਕਾਰਨ ਹੈ ਕਿ ਸਿੱਖਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਿਤ ਕਰਨਾ ਬਹੁਤ ਜ਼ਰੂਰੀ ਹੋ ਗਿਆ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਕਮਿਊਨਿਟੀ ਕਾਰਕੂਨ ਸਮੀਪ ਸਿੰਘ ਗੁਮਟਾਲਾ ਨੇ ਵੀਡੀਓ ਅਤੇ ਸਲਾਈਡਾਂ ਦੀ ਵਰਤੋਂ ਕਰਕੇ ਸਿੱਖਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਗੁਰੂ ਗ੍ਰੰਥ ਸਾਹਿਬ, 10 ਗੁਰੂ ਸਾਹਿਬਾਨ, ਸਿੱਖ ਕਕਾਰਾਂ (ਕੇਸ, ਕੰਗਾ, ਕੜਾ, ਕਿਰਪਾਨ ਅਤੇ ਕਛਹਿਰਾ), ਦਸਤਾਰ, ਲੰਗਰ, ਅਮਰੀਕਾ ਵਿੱਚ ਸਿੱਖਾਂ ਦੀ ਆਮਦ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਮਹਿਮਾਨਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਯੂਨੀਵਰਸਿਟੀ ਵਿਖੇ ਇੰਜੀਨਿਅਰਿੰਗ ਵਿੱਚ ਮਾਸਟਰਜ਼ ਕਰ ਰਹੇ ਵਿਦਿਆਰਥੀ ਹਰਰੂਪ ਸਿੰਘ ਅਤੇ ਹਰਸ਼ਦੀਪ ਸਿੰਘ ਨੇ ਦੁਸਿਆ ਕਿ ਇਹ ਬਹੁਤ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਸੀ। ਉਹਨਾਂ ਸਮਾਗਮ ਦੇ ਆਯੋਜਨ ਵਿੱਚ ਸਹੂਲਤ ਕਰਨ ਲਈ ਯੂਨੀਵਰਸਿਟੀ ਦੇ ਸਟਾਫ ਮੈਂਬਰਾਂ, ਹੋਰ ਵਿਦਿਆਰਥੀ ਸੰਸਥਾਵਾਂ ਅਤੇ ਯੂ.ਸੀ.ਆਈ.ਈ. ਦਾ ਧੰਨਵਾਦ ਕੀਤਾ। ਉਹਨਾਂ ਕਿਹਾ, “ਇਸ ਸਮਾਗਮ ਨੇ ਸਾਡੀ ਯੁਨੀਵਰਸਿਟੀ ਦੇ ਭਾਈਚਾਰੇ ਨੂੰ ਇਕੱਠੇ ਹੋਣ, ਸਿੱਖ ਧਰਮ ਬਾਰੇ ਹੋਰ ਜਾਨਣ, ਸਮਝਣ ਅਤੇ ਸਿੱਖ ਸਭਿਆਚਾਰ ਦੇ ਗੋਰਵਮਈ ਵਿਰਸੇ ਤੋਂ ਜਾਣੂ ਕਰਾਉਣ ਲਈ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ। ਆਏ ਹੋਏ ਮਹਿਮਾਨਾਂ ਨੇ, ਜਿਸ ਵਿੱਚ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀ ਸ਼ਾਮਲ ਸਨ, ਨੇ ਉਤਸ਼ਾਹ ਨਾਲ ਹਿੱਸਾ ਲਿਆ।
ਮਹਿਮਾਨਾਂ ਨੇ ਦਸਤਾਰ ਬੰਨਣ ਦਾ ਵੀ ਅਨੁਭਵ ਕੀਤਾ। ਉਹਨਾਂ ਨੂੰ ਡੇਟਨ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਦਸਤਾਰ ਸਜਾਉਣ ਤੋਂ ਬਾਅਦ ਵਿਦਿਆਰਥੀ ਬਹੁਤ ਹੀ ਮਾਨ ਮਹਿਸੂਸ ਕਰ ਰਹੇ ਸਨ ਅਤੇ ਯੂਨੀਵਰਸਿਟੀ ਵਿੱਚ ਦਸਤਾਰ ਪਹਿਣ ਕੇ ਘੁੰਮਦੇ ਰਹੇ ਅਤੇ ਆਪਣੀਆਂ ਕਲਾਸਾਂ ਵਿੱਚ ਵੀ ਗਏ। ਉਹਨਾਂ ਇਸ ਦੀ ਮਹੱਤਤਾ, ਵੱਖ-ਵੱਖ ਰੰਗਾਂ ਅਤੇ ਦਸਤਾਰ ਬੰਨਣ ਦੇ ਵੱਖ-ਵੱਖ ਸਟਾਈਲ ਆਦਿ ਬਾਰੇ ਕਈ ਦਿਲਚਸਪ ਸਵਾਲ ਵੀ ਪੁੱਛੇ। ਮਿਸ਼ੇਲ ਸਟ੍ਰੀਟਰ, ਡਾਇਰੈਕਟਰ ਯੂ.ਸੀ.ਆਈ.ਈ. ਨੇ ਸਿੱਖ ਵਿਦਿਆਰਥੀਆਂ ਨੂੰ ਇਸ ਪ੍ਰੌਗਰਾਮ ਨੂੰ ਆਯੋਜਿਤ ਅਤੇ ਕਾਮਯਾਬ ਕਰਨ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਨੇ ਅਮਰੀਕੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਕੱਠੇ ਹੋ ਕੇ ਸਿੱਖ ਵਿਰਸੇ ਬਾਰੇ ਜਾਨਣ ਦਾ ਮੌਕਾ ਦਿੱਤਾ। ਇਸ ਪ੍ਰੋਗਰਾਮ ਵਿੱਚ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਦਸਤਾਰ, ਲੰਗਰ, ਮੂਲ ਮੰਤਰ, ਸਿੱਖ ਧਰਮ ਦੇ ਤਿੰਨ ਥੰਮ (ਕਿਰਤ ਕਰਨੀ, ਵੰਡ ਕੇ ਛੱਕਣਾ ਅਤੇ ਨਾਮ ਜਪਣਾ) ਅਤੇ ਅਮਰੀਕਾ ਦੀ ਫੋਜ ਵਿੱਚ ਸਿੱਖਾਂ ਬਾਰੇ ਜਾਣਕਾਰੀ ਦਿੱਤੀ ਗਈ। ਰਾਈਟ ਸਟੇਟ ਦੇ ਸਾਬਕਾ ਵਿਦਿਆਰਥੀ ਲ਼ੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਰਤਨ ਜੋ ਕਿ ਇਸ ਸਮੇਂ ਫੋਜ ਵਿੱਚ ਹਨ, ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ, ਸਿੱਖ ਇਤਿਹਾਸ ਅਤੇ ਪਰੰਪਰਾ ਨਾਲ ਸੰਬੰਧਤ ਕਿਤਾਬਾਂ, ਕੜੇ, ਕੰਘੇ ਵੀ ਪ੍ਰਦਰਸ਼ਿਤ ਕੀਤੇ ਗਏ। ਮਹਿਮਾਨਾਂ ਨੇ ਪੰਜਾਬੀ ਖਾਣੇ ਦਾ ਆਨੰਦ ਮਾਨਿਆ। ਪ੍ਰੋਗਰਾਮ ਵਿੱਚ ਯੁਨੀਵਰਸਿਟੀ ਦੇ ਵਿਦਿਆਰਥੀ ਨਵਰਤਨ ਸਿੰਘ, ਗੁਰਵੀਰ ਸਿੰਘ, ਅਰਵੀਰ ਸਿੰਘ, ਮਨਪ੍ਰੀਤ ਸਿੰਘ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਵੀ ਸ਼ਾਮਲ ਹੋਏ।
Home Page ਅਮਰੀਕਾ ਦੀ ਯੁਨੀਵਰਸਿਟੀ ਵਿੱਚ ਸਜਾਈਆਂ ਗਈਆਂ ਦਸਤਾਰਾਂ, ਸਿੱਖਾਂ ਬਾਰੇ ਸਾਂਝੀ ਕੀਤੀ ਗਈ...