ਹਿਮਾਚਲ ਵਿਧਾਨ ਸਭਾ ਲਈ ਵੋਟਾਂ 12 ਨਵੰਬਰ ਨੂੰ, ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ

New Delhi: Chief Election Commissioner Rajiv Kumar during a press conference for the announcement of schedule of assembly elections in Himachal Pradesh, in New Delhi, Friday, Oct. 14, 2022. The elections will be held on November 12, while the counting of votes will be on December 8, the Election Commission announced on Friday. (PTI Photo/Arun Sharma) (PTI10_14_2022_000081A)

ਨਵੀਂ ਦਿੱਲੀ, 14 ਅਕਤੂਬਰ – ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ 12 ਨਵੰਬਰ ਨੂੰ ਹੋਣਗੀਆਂ ਤੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਅੱਜ ਐਲਾਨ ਕਰਦਿਆਂ ਦੱਸਿਆ ਕਿ ਹਿਮਾਚਲ ਦੇ 68 ਹਲਕਿਆਂ ਵਿਚ 55 ਲੱਖ ਤੋਂ ਵੱਧ ਵੋਟਰ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰ ਸਕਣਗੇ। ਦੱਸਣਯੋਗ ਹੈ ਕਿ ਹਿਮਾਚਲ ਵਿਚ ਭਾਜਪਾ ਤਿੰਨ ਦਹਾਕਿਆਂ ਪੁਰਾਣੀ ਰਵਾਇਤ ਨੂੰ ਪਲਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਕੋਈ ਸੱਤਾਧਾਰੀ ਧਿਰ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਹਰਾ ਕੇ ਮੁੜ ਸੱਤਾ ’ਚ ਨਹੀਂ ਆ ਸਕੀ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੁਜਰਾਤ ਦੀਆਂ ਚੋਣਾਂ ਬਾਰੇ ਕੋਈ ਐਲਾਨ ਨਹੀਂ ਕੀਤਾ। ਗੁਜਰਾਤ ਵਿਧਾਨ ਸਭਾ ਦੀ ਮਿਆਦ 18 ਫਰਵਰੀ, 2023 ਨੂੰ ਖ਼ਤਮ ਹੋ ਰਹੀ ਹੈ।
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਐਲਾਨ ਨੂੰ ਫ਼ਿਲਹਾਲ ਟਾਲ ਕੇ ਪੁਰਾਣੀ ਰਵਾਇਤ ਦਾ ਪਾਲਣ ਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਰਾਜ ਵਿਚ ਚੋਣਾਂ ਦੂਜੇ ਸੂਬੇ ’ਚ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ ਕਿਉਂਕਿ ‘40 ਦਿਨਾਂ ਦਾ ਵਕਫ਼ਾ ਹੈ।’ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਮਿਆਦ 8 ਜਨਵਰੀ, 2023 ਤੱਕ ਹੈ। ਹਾਲਾਂਕਿ ਗੁਜਰਾਤ ਵਿਚ ਚੋਣਾਂ ਨਵੰਬਰ-ਦਸੰਬਰ ਵਿਚ ਹੀ ਹੋ ਸਕਦੀਆਂ ਹਨ ਤਾਂ ਕਿ ਗਿਣਤੀ 2017 ਵਾਂਗ ਇਕੋ ਦਿਨ ਹੋ ਸਕੇ। ਉਨ੍ਹਾਂ ਕਿਹਾ ਕਿ ਹਿਮਾਚਲ ਚੋਣਾਂ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਚੋਣਾਂ ਲਈ ਨੋਟੀਫਿਕੇਸ਼ਨ 17 ਅਕਤੂਬਰ ਨੂੰ ਨਿਕਲੇਗਾ ਤੇ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ 25 ਅਕਤੂਬਰ ਹੈ। ਨਾਮਜ਼ਦਗੀਆਂ ਦੀ ਜਾਂਚ-ਪੜਤਾਲ 27 ਅਕਤੂਬਰ ਨੂੰ ਹੋਵੇਗੀ ਤੇ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 29 ਅਕਤੂਬਰ ਹੋਵੇਗੀ। ਚੋਣ ਕਮਿਸ਼ਨਰ ਨੇ ਕਿਹਾ ਕਿ ਮੌਸਮ ਨੂੰ ਧਿਆਨ ਵਿਚ ਰੱਖ ਕੇ ਵੀ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦਾ ਐਲਾਨ ਪਹਿਲਾਂ ਕੀਤਾ ਗਿਆ ਹੈ। ਹਿਮਾਚਲ ਵਿਚ 1.86 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ, 1.22 ਲੱਖ ਵੋਟਰ ਅੱਸੀ ਸਾਲ ਤੋਂ ਵੱਧ ਦੇ ਹਨ ਤੇ 1184 ਵੋਟਰ ਅਜਿਹੇ ਹਨ ਜਿਨ੍ਹਾਂ ਦੀ ਉਮਰ 100 ਸਾਲ ਤੋਂ ਵੱਧ ਹੈ।
ਜ਼ਿਕਰਯੋਗ ਹੈ ਕਿ 2017 ਵਿਚ ਹਿਮਾਚਲ ਪ੍ਰਦੇਸ਼ ਦੇ 68 ਹਲਕਿਆਂ ਵਿਚੋਂ ਭਾਜਪਾ ਨੇ 44 ਸੀਟਾਂ ਉਤੇ ਜਿੱਤ ਦਰਜ ਕਰ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ, ਜਦਕਿ ਕਾਂਗਰਸ ਨੇ 21 ਸੀਟਾਂ ਜਿੱਤੀਆਂ ਸਨ। ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਤੇ ਇਕ ਉਤੇ ਸੀਪੀਐਮ ਨੇ ਜਿੱਤ ਦਰਜ ਕੀਤੀ ਸੀ। ਭਾਜਪਾ ਨੂੰ 48.79 ਪ੍ਰਤੀਸ਼ਤ ਵੋਟ ਜਦਕਿ ਕਾਂਗਰਸ ਨੂੰ 41.68 ਪ੍ਰਤੀਸ਼ਟ ਵੋਟ ਮਿਲੇ ਸਨ। ਚੋਣ ਕਮਿਸ਼ਨ ਨੇ ਨਾਲ ਹੀ ਕਿਹਾ ਕਿ ਇਸ ਦੀਆਂ ਟੀਮਾਂ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ ਤਾਂ ਕਿ ਫ਼ਰਜ਼ੀ ਖ਼ਬਰਾਂ ’ਤੇ ਅੱਖ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਤੁਰੰਤ ਕਾਰਵਾਈ ਕੀਤੀ ਜਾਵੇਗੀ ਤੇ ਲੋੜ ਪੈਣ ਉਤੇ ਅਪਰਾਧਕ ਮਾਮਲਾ ਦਰਜ ਕੀਤਾ ਜਾਵੇਗਾ।