ਕਾਂਗਰਸ ਪ੍ਰਧਾਨ ਦੀ ਚੋਣ : 96 ਫੀਸਦ ਪੋਲਿੰਗ ਦਾ ਦਾਅਵਾ, ਵੋਟਾਂ ਦਾ ਅਮਲ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚੜ੍ਹਿਆ – ਮਿਸਤਰੀ

ਨਵੀਂ ਦਿੱਲੀ, 17 ਅਕਤੂਬਰ – ਕਾਂਗਰਸ ਪ੍ਰਧਾਨ ਦੀ ਚੋਣ ਲਈ ਅੱਜ ਸਵੇਰੇ 10 ਵਜੇ ਸ਼ੁਰੂ ਹੋਇਆ ਵੋਟਾਂ ਪੈਣ ਦਾ ਅਮਲ ਸ਼ਾਮੀਂ ਅਮਨ ਅਮਾਨ ਨਾਲ ਨਿੱਬੜ ਗਿਆ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਕਿਹਾ ਕਿ ਚੋਣ ਅਮਲ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਸਿਰੇ ਚੜ੍ਹਿਆ। ਉਨ੍ਹਾਂ ਕਿਹਾ ਕਿ ਚੋਣ ਦੌਰਾਨ ਕੁੱਲ 9900 ਡੈਲੀਗੇਟਾਂ ਵਿਚੋਂ 9500 ਨੇ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ 96 ਫੀਸਦ ਪੋਲਿੰਗ ਹੋਈ ਜਦੋਂਕਿ ਛੋਟੇ ਰਾਜਾਂ ਵਿੱਚ ਇਹ 100 ਫੀਸਦ ਰਹੀ। ਵੋਟਾਂ ਦਾ ਅਮਲ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚੜ੍ਹਿਆ। ਮਿਸਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਿਖਾਇਆ ਹੈ ਕਿ ਪਾਰਟੀ ਅੰਦਰਲੀ ਜਮਹੂਰੀਅਤ ਕੀ ਹੁੰਦੀ ਹੈ ਤੇ ਹੋਰਨਾਂ ਪਾਰਟੀਆਂ ਨੂੰ ਇਸ ਤੋਂ ਸਬਕ ਲੈਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ ਤੇ ਉਸੇ ਦਿਨ ਨਤੀਜੇ ਐਲਾਨ ਦਿੱਤੇ ਜਾਣਗੇ। ਪਾਰਟੀ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਏਆਈਸੀਸੀ ਮੁਖੀ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ। ਇਲੈਕਟੋਰਲ ਕਾਲਜ ਵਿੱਚ ਸ਼ਾਮਲ ਪ੍ਰਦੇਸ਼ ਕਾਂਗਰਸ ਕਮੇਟੀ ਦੇ 9500 ਤੋਂ ਵੱਧ ਡੈਲੀਗੇਟਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਣੇ ਪੋਲਿੰਗ ਬੂਥਾਂ ’ਤੇ ਗੁਪਤ ਵੋਟ ਜ਼ਰੀਏ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਵਿੱਚ ਆਪਣੀ ਹਿੱਸੇਦਾਰੀ ਪਾਈ।
ਕੌਮੀ ਰਾਜਧਾਨੀ ਵਿੱਚ ਵੋਟਿੰਗ ਲਈ ਏਆਈਸੀਸੀ ਹੈੱਡਕੁਆਰਟਰ ਵਿੱਚ ਪੋਲਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਜਦੋਂਕਿ ਪਾਰਟੀ ਦੇ ਸੂਬਾਈ ਦਫ਼ਤਰਾਂ ਵਿੱਚ ਵੀ ਪੋਲਿੰਗ ਬੂਥ ਸਥਾਪਤ ਕੀਤੇ ਗਏ। ਗਾਂਧੀ ਪਰਿਵਾਰ ਨਾਲ ਨੇੜਤਾ ਤੇ ਸੀਨੀਅਰ ਆਗੂਆਂ ਦੀ ਹਮਾਇਤ ਕਰਕੇ ਖੜਗੇ ਨੂੰ ਪਸੰਦੀਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ ਜਦੋਂਕਿ ਥਰੂਰ ਨੇ ਚੋਣ ਪ੍ਰਚਾਰ ਦੌਰਾਨ ਖ਼ੁਦ ਨੂੰ ਬਦਲਾਅ ਲਿਆਉਣ ਵਾਲੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈ।
ਇਸ ਦੌਰਾਨ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਏਆਈਸੀਸੀ ਹੈੱਡਕੁਆਰਟਰ ਵਿੱਚ ਆਪਣੀ ਵੋਟ ਪਾਈ। ਇਸ ਮੌਕੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਆਪਣੀ ਮਾਂ ਨਾਲ ਮੌਜੂਦ ਸਨ।
ਉਧਰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਜੋ ਭਾਰਤ ਜੋੜੋ ਯਾਤਰਾ ਕਰਕੇ ਇਸ ਵੇਲੇ ਕਰਨਾਟਕ ਵਿੱਚ ਹਨ, 40 ਹੋਰਨਾਂ ‘ਭਾਰਤ ਯਾਰਤੀਆਂ’ ਜੋ ਪੀਸੀਸੀ ਡੈਲੀਗੇਟ ਵੀ ਹਨ, ਨਾਲ ਬੇਲਾਰੀ ਦੇ ਸੰਗਾਨਾਕਾਲੂ ਵਿੱਚ ਵੋਟ ਪਾਉਣਗੇ। ਥਰੂਰ ਨੇ ਆਪਣੀ ਵੋਟ ਤਿਰੂਵਨੰਤਪੁਰਮ ਵਿੱਚ ਕੇਰਲਾ ਕਾਂਗਰਸ ਹੈੱਡਕੁਆਰਟਰ ’ਤੇ ਪਾਈ ਜਦੋਂਕਿ ਖੜਗੇ ਵੋਟ ਪਾਉਣ ਲਈ ਬੰਗਲੌਰ ਦੇ ਕਰਨਾਟਕ ਕਾਂਗਰਸ ਦਫ਼ਤਰ ਪੁੱਜੇ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਾਂਗਰਸ ਪ੍ਰਧਾਨ ਦੀ ਚੋਣ ਨੂੰ ‘ਇਤਿਹਾਸਕ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨਿਰਪੱਖ ਤੇ ਪਾਦਰਸ਼ੀ ਤਰੀਕੇ ਨਾਲ ਹੋ ਰਹੀਆਂ ਹਨ। ਰਮੇਸ਼ ਨੇ ਕਿਹਾ ਕਿ ਕਾਂਗਰਸ ਦੇ 137 ਸਾਲ ਪੁਰਾਣੇ ਇਤਿਹਾਸ ਵਿੱਚ 6ਵੀਂ ਵਾਰ ਹੈ ਜਦੋਂ ਪਾਰਟੀ ਪ੍ਰਧਾਨ ਦੀ ਚੋਣ ਲਈ ਵੋਟਿੰਗ ਹੋ ਰਹੀ ਹੈ।