ਕੇਂਦਰ ਵੱਲੋਂ ਕਣਕ ਅਤੇ ਸਰ੍ਹੋਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵਾਧਾ, ਕਣਕ ’ਤੇ ਪ੍ਰਤੀ ਕੁਇੰਟਲ ਐੱਮਐੱਸਪੀ 110 ਰੁਪਏ ਤੇ ਸਰ੍ਹੋਂ ਉਤੇ 400 ਰੁਪਏ ਵਧਾਈ

ਨਵੀਂ ਦਿੱਲੀ, 18 ਅਕਤੂੁਬਰ – ਕੇਂਦਰ ਸਰਕਾਰ ਨੇ ਅੱਜ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ 110 ਰੁਪਏ ਦਾ ਵਾਧਾ ਕਰ ਦਿੱਤਾ ਹੈ ਤੇ ਭਾਅ ਹੁਣ 2,125 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ ਸਰ੍ਹੋਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵੀ 400 ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ ਇਹ ਹੁਣ 5,450 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਜਾਵੇਗੀ। ਹਾੜ੍ਹੀ ਦੀਆਂ ਛੇ ਫ਼ਸਲਾਂ ਦੀ ਐਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਵਧਾਉਣ ਬਾਰੇ ਫ਼ੈਸਲਾ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਦੱਸਣਯੋਗ ਹੈ ਕਿ ਸਰਕਾਰ ਹਾੜ੍ਹੀ ਤੇ ਸਾਉਣੀ ਦੀਆਂ 23 ਫ਼ਸਲਾਂ ਲਈ ਐਮਐੱਸਪੀ ਤੈਅ ਕਰ ਰਹੀ ਹੈ। ਕਣਕ ਤੇ ਸਰ੍ਹੋਂ ਹਾੜ੍ਹੀ ਦੀਆਂ ਵੱਡੀਆਂ ਫ਼ਸਲਾਂ ਹਨ। ਐਮਐੱਸਪੀ ਵਿਚ ਵਾਧਾ 2022-23 ਦੇ ਫ਼ਸਲੀ ਵਰ੍ਹੇ ਤੇ 2023-24 ਦੇ ਮੰਡੀਕਰਨ ਸਾਲ ਲਈ ਕੀਤਾ ਗਿਆ ਹੈ। ਐਮਐੱਸਪੀ ਵਿਚ ਸਭ ਤੋਂ ਜ਼ਿਆਦਾ ਵਾਧਾ ਮਸਰਾਂ ਦੀ ਦਾਲ ਲਈ ਕੀਤਾ ਗਿਆ ਹੈ ਜੋ ਕਿ 500 ਰੁਪਏ ਪ੍ਰਤੀ ਕੁਇੰਟਲ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਣਕ ਲਈ 2,015 ਰੁਪਏ ਪ੍ਰਤੀ ਕੁਇੰਟਲ ਐਮਐੱਸਪੀ ਦਿੱਤਾ ਜਾ ਰਿਹਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਕਣਕ ਉਤਪਾਦਨ ਉਤੇ ਅੰਦਾਜ਼ਨ ਪ੍ਰਤੀ ਕੁਇੰਟਲ 1065 ਰੁਪਏ ਖ਼ਰਚ ਆ ਰਿਹਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਕਣਕ ਤੇ ਸਰ੍ਹੋਂ ਉਤਪਾਦਨ ਉਤੇ ਆਉਂਦੇ ਖ਼ਰਚ ਦੇ ਕੇਸ ਵਿਚ 100 ਪ੍ਰਤੀਸ਼ਤ ਲਾਭ ਵਾਪਸ ਮਿਲੇ। ਜਦਕਿ ਦੂਜੀਆਂ ਹਾੜ੍ਹੀ ਦੀਆਂ ਫ਼ਸਲਾਂ ਦੇ ਉਤਪਾਦਨ ਖ਼ਰਚ ’ਤੇ 50 ਤੋਂ 85 ਪ੍ਰਤੀਸ਼ਤ ਤੱਕ ਲਾਭ ਮੋੜਨਾ ਯਕੀਨੀ ਬਣਾਇਆ ਗਿਆ ਹੈ।
ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਪੱਤਰਕਾਰਾਂ ਵੱਲੋਂ ਮਹਿੰਗਾਈ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਨਾਲ ਮਹਿੰਗਾਈ ਨਹੀਂ ਵਧੇਗੀ ਤੇ ਭਾਰਤ ਵਿਚ ਦੂਜੇ ਮੁਲਕਾਂ ਦੇ ਮੁਕਾਬਲੇ ਮਹਿੰਗਾਈ ਪਹਿਲਾਂ ਹੀ ਕਾਬੂ ਹੇਠ ਹੈ। ਜੌਂ ਲਈ ਸਮਰਥਨ ਮੁੱਲ ਵਿਚ 100 ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ ਇਹ ਹੁਣ 1,735 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਪਿਛਲੇ ਸਾਲ ਇਹ 1635 ਰੁਪਏ ਸੀ। ਦਾਲਾਂ ਵਿਚ ਛੋਲਿਆਂ ਦੀ ਫ਼ਸਲ ਉਤੇ ਹੁਣ 5335 ਰੁਪਏ ਪ੍ਰਤੀ ਕੁਇੰਟਲ ਸਮਰਥਨ ਮੁੱਲ ਦਿੱਤਾ ਜਾਵੇਗਾ। ਇਸ ਵਿਚ 105 ਰੁਪਏ ਦਾ ਵਾਧਾ ਕੀਤਾ ਗਿਆ ਹੈ। ਮਸਰਾਂ ਦੀ ਦਾਲ ’ਤੇ 500 ਰੁਪਏ ਦੇ ਵਾਧੇ ਨਾਲ ਹੁਣ ਛੇ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਮਿਲੇਗਾ। ਜ਼ਿਕਰਯੋਗ ਹੈ ਕਿ 2014-15 ਤੋਂ ਤੇਲ ਬੀਜਾਂ ਤੇ ਦਾਲਾਂ ਦਾ ਉਤਪਾਦਨ ਵਧਾਉਣ ਉਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।
ਕਿਸਾਨਾਂ ਦੀ ਮੰਗ ਮੁਤਾਬਕ ਨਹੀਂ ਹੋਇਆ ਭਾਅ ’ਚ ਵਾਧਾ
ਕੇਂਦਰ ਸਰਕਾਰ ਵੱਲੋਂ ਅੱਜ ਕਣਕ ਦੇ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ ਹੈ। ਕੇਂਦਰ ਸਰਕਾਰ ਨੇ ਕਣਕ ਦੇ ਭਾਅ ਵਿਚ 110 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ 2023-24 ਲਈ ਕਣਕ ਦਾ ਭਾਅ 2125 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਹੈ।
ਕੌਮਾਂਤਰੀ ਪੱਧਰ ’ਤੇ ਕਣਕ ਦੀ ਵੱਡੀ ਤੋਟ ਹੈ ਅਤੇ ਲਾਗਤ ਖ਼ਰਚੇ ਤੇਜ਼ ਰਫ਼ਤਾਰ ਨਾਲ ਵਧੇ ਹਨ। ਲੰਘੇ ਦਸ ਸਾਲਾਂ ਦੌਰਾਨ ਕਦੇ ਵੀ ਸਰਕਾਰ ਨੇ ਕਣਕ ਦੇ ਭਾਅ ਵਿਚ 110 ਰੁਪਏ ਤੋਂ ਵੱਧ ਦਾ ਵਾਧਾ ਨਹੀਂ ਕੀਤਾ ਹੈ। ਕੇਂਦਰ ਸਰਕਾਰ ਨੇ ਵਰ੍ਹਾ 2014-15 ਅਤੇ 2015-16 ਵਿਚ ਕੇਵਲ ਪੰਜਾਹ 50 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਸੀ ਅਤੇ 2016-17 ਵਿਚ 75 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ। 2017-18 ਵਿਚ ਸੌ ਰੁਪਏ ਅਤੇ 2018-19 ਵਿਚ 110 ਰੁਪਏ ਪ੍ਰਤੀ ਕੁਇੰਟਲ ਕਣਕ ਦੇ ਭਾਅ ਵਿਚ ਵਾਧਾ ਕੀਤਾ ਗਿਆ ਸੀ। ਇਸੇ ਤਰ੍ਹਾਂ 2020-21 ਤੋਂ 2022-23 ਦੌਰਾਨ ਕਣਕ ਦੇ ਭਾਅ ਵਿਚ ਵਾਧਾ 50 ਰੁਪਏ ਤੋਂ 85 ਰੁਪਏ ਤੱਕ ਰਿਹਾ। ਪਿਛਲੇ ਵਰ੍ਹੇ ਕਣਕ ਦਾ ਸਰਕਾਰੀ ਭਾਅ 2015 ਰੁਪਏ ਸੀ ਜੋ ਹੁਣ 2125 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ। ਬੀਕੇਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕੇਂਦਰ ਵੱਲੋਂ ਐਲਾਨੇ ਭਾਅ ਨੂੰ ਰੱਦ ਕੀਤਾ ਹੈ ਅਤੇ ਇਸ ਨੂੰ ਲਾਗਤ ਖ਼ਰਚਿਆਂ ਦੇ ਮੁਕਾਬਲੇ ਨਿਗੂਣਾ ਦੱਸਿਆ ਹੈ। ਉਨ੍ਹਾਂ ਮੰਗ ਕੀਤੀ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ। ਖੇਤੀ ਵਿਭਾਗ ਪੰਜਾਬ ਨੇ ਕੇਂਦਰ ਨੂੰ ਪੱਤਰ ਲਿਖ ਕੇ ਲਾਗਤ ਖ਼ਰਚਿਆਂ ਦੇ ਹਿਸਾਬ ਨਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 3040 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਸੀ ਪਰ ਕੇਂਦਰ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ।