ਕੇਵੜੀਆ, 20 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਮਿਸ਼ਨ ‘ਮਿਸ਼ਨ ਲਾਈਫ਼’ ਦਾ ਆਗਾਜ਼ ਕੀਤਾ। ਇਹ ਮਿਸ਼ਨ ਆਲਮੀ ਯੋਜਨਾ ਦਾ ਹਿੱਸਾ ਹੈ, ਜਿਸ ਦਾ ਮੁੱਖ ਮੰਤਵ ਗ੍ਰਹਿ (ਧਰਤੀ) ਨੂੰ ਵਾਤਾਵਰਨ ਤਬਦੀਲੀ ਦੇ ਤਬਾਹਕੁਨ ਸਿੱਟਿਆਂ ਤੋਂ ਬਚਾਉਣਾ ਹੈ। ਇਹ ਮਿਸ਼ਨ ਅਜਿਹੇ ਮੌਕੇ ਲਾਂਚ ਕੀਤਾ ਗਿਆ ਹੈ ਜਦੋਂ ਅਗਲੇ ਮਹੀਨੇ ਕਾਹਿਰਾ ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਨ ਬਾਰੇ ਮੀਟਿੰਗ ਹੋਣੀ ਹੈ।
ਸ੍ਰੀ ਮੋਦੀ ਤੇ ਗੁਟੇਰੇਜ਼ ਨੇ ਗੁਜਰਾਤ ਦੇ ਕੇਵੜੀਆ ਵਿੱਚ ਸਾਂਝੇ ਰੂਪ ’ਚ ਮਿਸ਼ਨ ਲਾਈਫ (ਵਾਤਾਵਰਨ ਲਈ ਜੀਵਨਸ਼ੈਲੀ) ਦੇ ਲੋਗੋ ਤੇ ਟੈਗਲਾਈਨ ਦੇ ਨਾਲ ਕਾਰਜ ਯੋਜਨਾ ਤੋਂ ਵੀ ਪਰਦਾ ਚੁੱਕਿਆ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਤੇ ਕੇਂਦਰੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਵੀ ਮੌਜੂਦ ਸਨ।
ਸ੍ਰੀ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ‘ਰਡਿਊਸ, ਰੀਯੂਜ਼ ਤੇ ਰੀਸਾਈਕਲ’ ਤੇ ਸਰਕੁਲਰ ਅਰਥਚਾਰੇ ਦੇ ਸੰਕਲਪ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਭਾਰਤ ਵਾਤਾਵਰਨ ਤਬਦੀਲੀ ਦੀ ਅਲਾਮਤ ਦੇ ਟਾਕਰੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਲਾਈਫ ਨਾਲ ‘ਲੋਕਾਂ ਪੱਖੀ ਗ੍ਰਹਿ’ ਦਾ ਸੰਕਲਪ ਮਜ਼ਬੂਤ ਹੋਵੇਗਾ। ਮਿਸ਼ਨ ‘ਗ੍ਰਹਿ ਦੀ ਜੀਵਨ ਸ਼ੈਲੀ, ਗ੍ਰਹਿ ਲਈ ਤੇ ਗ੍ਰਹਿ ਵੱਲੋਂ’ ਦੀ ਮਹੱਤਤਾ ਨੂੰ ਜ਼ਾਹਰ ਕਰਦਾ ਹੈ। ਮਿਸ਼ਨ ਲਾਈਫ਼ ਦਾ ਉਦੇਸ਼ ਸਥਿਰਤਾ ਪ੍ਰਤੀ ਲੋਕਾਂ ਦੀ ਸਮੂਹਿਕ ਪਹੁੰਚ ਨੂੰ ਬਦਲਣ ਲਈ ਤਿੰਨ-ਪੱਖੀ ਰਣਨੀਤੀ ਦਾ ਪਾਲਣ ਕਰਨਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਧਾਰਨਾ ਦਾ ਪ੍ਰਬਲ ਹੋਣਾ ਕਿ ਵਾਤਾਵਰਨ ਤਬਦੀਲੀ ਸਿਰਫ਼ ਪਾਲਿਸੀ ਨਾਲ ਜੁੜਿਆ ਮਸਲਾ ਹੈ, ਨੇ ਇਸ ਅਹਿਮ ਮਸਲੇ ਨੂੰ ਸਿਰਫ਼ ਸਰਕਾਰਾਂ ਜਾਂ ਕੌਮਾਂਤਰੀ ਜਥੇਬੰਦੀਆਂ ਤੱਕ ਸੀਮਤ ਕਰ ਛੱਡਿਆ ਹੈ। ਉਨ੍ਹਾਂ ਕਿਹਾ, ‘‘ਲੋਕ ਆਪਣੇ ਆਲੇ ਦੁਆਲੇ ਵਾਤਾਵਰਨ ਤਬਦੀਲੀ ਦੇ ਅਸਰ ਨੂੰ ਮਹਿਸੂਸ ਕਰਨ ਲੱਗੇ ਹਨ ਅਤੇ ਪਿਛਲੇ ਕੁਝ ਦਹਾਕਿਆਂ ਵਿੱਚ ਅਸਧਾਰਨ ਆਫ਼ਤਾਂ ਵੇਖਣ ਨੂੰ ਮਿਲੀਆਂ ਹਨ। ਇਸ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਵਾਤਾਵਰਨ ਤਬਦੀਲੀ ਮਹਿਜ਼ ਨੀਤੀ ਬਣਾਉਣ ਤੋਂ ਪਾਰ ਦਾ ਮਸਲਾ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਸ਼ਨ ਲਾਈਫ਼ ਦਾ ਮੰਤਰ ‘ਵਾਤਾਵਰਨ ਲਈ ਜੀਵਨ ਸ਼ੈਲੀ’ ਹੈ। ਮਿਸ਼ਨ ਲੋਕਾਂ ਦੀ ਸ਼ਕਤੀ ਨੂੰ ਧਰਤੀ ਦੀ ਸੁਰੱਖਿਆ ਲਈ ਜੋੜੇਗਾ ਤੇ ਉਨ੍ਹਾਂ ਨੂੰ ਸਰੋਤਾਂ ਦੀ ਬਿਹਤਰ ਤਰੀਕੇ ਨਾਲ ਵਰਤੋਂ ਬਾਰੇ ਸਪਸ਼ਟ ਕਰੇਗਾ। ਉਨ੍ਹਾਂ ਕਿਹਾ ਕਿ ਮਿਸ਼ਨ ਲਾਈਫ਼ ਵਾਤਾਵਰਨ ਤਬਦੀਲੀ ਖਿਲਾਫ਼ ਲੜਾਈ ਨੂੰ ਜਮਹੂਰੀ ਬਣਾਏਗਾ, ਜਿਸ ਵਿੱਚ ਹਰ ਕੋਈ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾ ਸਕੇਗਾ। ਸ੍ਰੀ ਮੋਦੀ ਨੇ ਕਿਹਾ, ‘‘ਮਿਸ਼ਨ ਲਾਈਫ ਵਾਤਾਵਰਨ ਦੀ ਸੁਰੱਖਿਆ ਲਈ ਸਾਨੂੰ ਉਹ ਹਰ ਚੀਜ਼ ਕਰਨ ਲਈ ਪ੍ਰੇਰਨਾ ਦੇਵੇਗਾ, ਜੋ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਦੇ ਹਾਂ। ਮਿਸ਼ਨ ਲਾਈਫ਼ ਦਾ ਮੰਨਣਾ ਹੈ ਕਿ ਸਾਡੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆ ਕੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ।’’ ਪ੍ਰਧਾਨ ਮੰਤਰੀ ਨੇ ਬਿਜਲੀ ਬਿੱਲ ਘਟਾਉਣ ਲਈ ਐੱਲਈਡੀ ਬਲਬਾਂ ਦੀ ਵਰਤੋਂ ਕੀਤੇ ਜਾਣ ਦੀ ਮਿਸਾਲ ਵੀ ਦਿੱਤੀ। ਉਨ੍ਹਾਂ ਕਿਹਾ ਭਾਰਤ ਵਿੱਚ ਕਾਰਬਨ ਨਿਕਾਸੀ ਸਾਲਾਨਾ ਪ੍ਰਤੀ ਵਿਅਕਤੀ 1.5 ਟਨ ਹੈ, ਜਦੋਂਕਿ ਆਲਮੀ ਪੱਧਰ ’ਤੇ ਇਹ ਅੰਕੜਾ ਪ੍ਰਤੀ ਵਿਅਕਤੀ ਔਸਤਨ ਚਾਰ ਟਨ ਪ੍ਰਤੀ ਸਾਲ ਹੈ। ਭਾਰਤ ਵਾਯੂ ਊਰਜਾ ਵਿੱਚ ਚੌਥੇ ਤੇ ਸੌਰ ਊਰਜਾ ਵਿੱਚ ਪੰਜਵੇਂ ਸਥਾਨ ’ਤੇ ਹੈ ਅਤੇ ਭਾਰਤ ਦੀ ਨਵਿਆਉਣਯੋਗ ਊਰਜਾ ਸਮਰੱਥਾ ਪਿਛਲੇ ਸੱਤ ਤੋਂ ਅੱਠ ਸਾਲਾਂ ਵਿੱਚ ਲਗਪਗ 290 ਫੀਸਦ ਦਾ ਉਛਾਲ ਆਇਆ ਹੈ। ਪ੍ਰਧਾਨ ਮੰਤਰੀ ਨੇ ਨੈਸ਼ਨਲ ਹਾਈਡਰੋਜਨ ਮਿਸ਼ਨ ਦੀ ਵੀ ਗੱਲ ਕੀਤੀ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਲੋੜੋਂ ਵੱਧ ਖਪਤ ਕਰਕੇ ਕੁੱਲ ਆਲਮ ਨੂੰ ਅੱਜ ਵਾਤਾਵਰਨ ਤਬਦੀਲੀ, ਜੀਵ ਵਿਭਿੰਨਤਾ ਦਾ ਨੁਕਸਾਨ ਤੇ ਪ੍ਰਦੂਸ਼ਣ ਜਿਹੀਆਂ ਤਿੰਨ ਪਰਤੀ ਐਮਰਜੈਂਸੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਧਰਤੀ ਦੇ ਸਰੋਤਾਂ ਦੀ ਸਮਝਦਾਰੀ ਤੇ ਸਤਿਕਾਰ ਨਾਲ ਵਰਤੋਂ ਕੀਤੇ ਜਾਣ ਦੀ ਲੋੜ ਹੈ। ਯੂੁਐੱਨ ਮੁਖੀ ਕਿਹਾ ਕਿ ਲੋੜ (ਨੀਡ) ’ਤੇ ਲਾਲਚ (ਗਰੀਡ) ਭਾਰੂ ਪੈਣ ਲੱਗਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਊਣ ਦਾ ਸਥਿਰ ਢੰਗ ਤਰੀਕਾ ਅਪਣਾਉਣ। ਗੁਟੇਰੇਜ਼ ਨੇ ਕਿਹਾ, ‘‘ਅਸੀਂ ਆਪਣੀ ਜੀਵਨ ਸ਼ੈਲੀ ਨੂੰ ਕਾਇਮ ਰੱਖਣ ਲਈ 1.6 ਗ੍ਰਹਿ ਧਰਤੀ ਦੇ ਬਰਾਬਰ ਵਰਤ ਰਹੇ ਹਾਂ। ਉਸ ਮਹਾਨ ਪਹੁੰਚ ਨੂੰ ਮਹਾਨ ਅਸਮਾਨਤਾ ਨਾਲ ਜੋੜਿਆ ਗਿਆ ਹੈ। ਸਭ ਤੋਂ ਅਮੀਰ ਇੱਕ ਪ੍ਰਤੀਸ਼ਤ ਦਾ ਸੰਯੁਕਤ ਗ੍ਰੀਨ ਹਾਊਸ ਗੈਸ ਨਿਕਾਸ ਸਭ ਤੋਂ ਗਰੀਬ 50 ਪ੍ਰਤੀਸ਼ਤ ਦੇ ਦੁੱਗਣੇ ਤੋਂ ਵੱਧ ਹੈ।’’
Home Page ਪ੍ਰਧਾਨ ਮੰਤਰੀ ਮੋਦੀ ਅਤੇ ਸੰਯੁਕਤ ਰਾਸ਼ਟਰ ਮੁਖੀ ਗੁਟੇਰੇਜ਼ ਵੱਲੋਂ ‘ਮਿਸ਼ਨ ਲਾਈਫ਼’ ਦਾ...