ਅਯੁੱਧਿਆ, 23 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਗਵਾਨ ਰਾਮ ਦੇ ਵਚਨਾਂ, ਵਿਚਾਰਾਂ ਅਤੇ ਰਾਜ ਨੇ ਜਿਨ੍ਹਾਂ ਕਦਰਾਂ-ਕੀਮਤਾਂ ਦਾ ਜ਼ਿਕਰ ਕੀਤਾ ਸੀ, ਉਹ ਸਬਕਾ ਸਾਥ, ਸਬਕਾ ਵਿਕਾਸ ਦੀ ਪ੍ਰੇਰਣਾ ਹੈ। ਪ੍ਰਧਾਨ ਮੰਤਰੀ ਨੇ ਅਯੁੱਧਿਆ ’ਚ ਦੀਪ ਉਤਸਵ ਪ੍ਰੋਗਰਾਮ ’ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਇਹ ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦਾ ਵੀ ਆਧਾਰ ਹੈ। ਰਾਮ ਕਥਾ ਪਾਰਕ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਦੀਵਾਲੀ ਅਜਿਹੇ ਸਮੇਂ ’ਤੇ ਆਈ ਹੈ ਜਦੋਂ ਦੇਸ਼ ਨੇ ਕੁਝ ਸਮਾਂ ਪਹਿਲਾਂ ਹੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ। ‘ਇਸ ਅੰਮ੍ਰਿਤ ਕਾਲ ’ਚ ਭਗਵਾਨ ਰਾਮ ਜਿਹੀ ਵਚਨਬੱਧਤਾ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲਿਜਾਵੇਗੀ।’ ਸ੍ਰੀ ਮੋਦੀ ਨੇ ਕਿਹਾ ਕਿ ਅਗਲੇ 25 ਵਰ੍ਹਿਆਂ ’ਚ ਵਿਕਸਤ ਭਾਰਤ ਦੀ ਖਾਹਸ਼ ਲੈ ਕੇ ਅੱਗੇ ਵਧ ਰਹੇ ਹਿੰਦੋਸਤਾਨੀਆਂ ਲਈ ਸ੍ਰੀ ਰਾਮ ਦੇ ਆਦਰਸ਼ ਉਸ ਪ੍ਰਕਾਸ਼ ਵਾਂਗ ਹਨ ਜੋ ਔਖੋ ਤੋਂ ਔਖੇ ਟੀਚਿਆਂ ਨੂੰ ਹਾਸਲ ਕਰਨ ਦਾ ਹੌਸਲਾ ਦੇਣਗੇ।
ਪ੍ਰਧਾਨ ਮੰਤਰੀ ਨੇ ਕਿਹਾ,‘‘ਸੰਜੋਗ ਦੇਖੋ, ਸਾਡੇ ਸੰਵਿਧਾਨ ਦੀ ਮੂਲ ਕਾਪੀ ’ਤੇ ਭਗਵਾਨ ਰਾਮ, ਮਾਂ ਸੀਤਾ ਅਤੇ ਲਕਸ਼ਮਣ ਜੀ ਦਾ ਚਿੱਤਰ ਅੰਕਿਤ ਹੈ। ਸੰਵਿਧਾਨ ਦਾ ਉਹ ਪੰਨਾ ਵੀ ਬੁਨਿਆਦੀ ਹੱਕਾਂ ਦੀ ਗੱਲ ਕਰਦਾ ਹੈ।’’ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਰਾਮ ਜਨਮਭੂਮੀ ਵਿਖੇ ਰਾਮ ਲੱਲਾ ਦੇ ਦਰਸ਼ਨ ਕੀਤੇ। ਰਾਮ ਮੰਦਰ ਦੇ 5 ਅਗਸਤ, 2020 ਨੂੰ ਭੂਮੀ ਪੂਜਨ ਮਗਰੋਂ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਅਯੁੱਧਿਆ ਦੌਰਾ ਹੈ। ਸ੍ਰੀ ਮੋਦੀ ਤੁਰੰਤ ਰਾਮ ਲੱਲਾ ਦੇ ਦਰਸ਼ਨਾਂ ਲਈ ਪਹੁੰਚੇ। ਉਨ੍ਹਾਂ ਇਕ ਦੀਵਾ ਬਾਲਿਆ ਅਤੇ ਆਰਤੀ ਵੀ ਕੀਤੀ। ਮੰਦਰ ਦੇ ਮੁੱਖ ਪੁਜਾਰੀ ਆਚਾਰਿਆ ਸਤੇਂਦਰ ਦਾਸ ਨੇ ਪ੍ਰਧਾਨ ਮੰਤਰੀ ਦੇ ਮੱਥੇ ’ਤੇ ਤਿਲਕ ਵੀ ਲਾਇਆ। ਸ੍ਰੀ ਮੋਦੀ ਨੇ ਰਾਮ ਮੰਦਰ ਦੀ ਉਸਾਰੀ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਵੀ ਹਾਸਲ ਕੀਤੀ। ਇਸ ਤੋਂ ਪਹਿਲਾਂ ਸ੍ਰੀ ਮੋਦੀ ਦਾ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਵਾਗਤ ਕੀਤਾ। ਉਨ੍ਹਾਂ ਦੀਪ ਉਤਸਵ ’ਚ ਸ਼ਾਮਲ ਹੁੰਦਿਆਂ ਸਰਯੂ ਦੇ ਕੰਢੇ ’ਤੇ ਆਰਤੀ ਵੀ ਦੇਖੀ ਜਿਥੇ 15 ਲੱਖ ਦੀਵੇ ਬਾਲੇ ਗਏ ਸਨ।
Home Page ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ’ਚ ਦੀਪ ਉਤਸਵ ਪ੍ਰੋਗਰਾਮ ’ਚ ਸ਼ਮੂਲੀਅਤ ਕੀਤੀ