ਸਾਡੇ ਮਹਿਮਾਨ: ਅੰਤਰਰਾਸ਼ਟਰੀ ਲਿਖਾਰੀ ਸ. ਅਮਰਜੀਤ ਸਿੰਘ ਪਾਬਲਾ ਨਿਊਜ਼ੀਲੈਂਡ ਦੌਰ ‘ਤੇ-ਮੀਡੀਆ ਕਰਮੀਆਂ ਵੱਲੋਂ ਸਨਮਾਨਿਤ

‘ਸੰਨ 1981 ਦੇ ਵਿੱਚ ਇੰਗਲਿਸ਼ ਕਿਤਾਬ ‘ਇਲੈਕਟ੍ਰਿਕ ਪਾਵਰ ਡਿਸਟ੍ਰੀਬਿਊਸ਼ਨ’ ਅਤੇ 1998 ਵਿੱਚ ‘ਇਲੈਕਟ੍ਰੀਕਲ ਪਾਵਰ ਸਿਸਟਮ ਪਲੈਨਿੰਗ’
ਆਕਲੈਂਡ, 17 ਨਵੰਬਰ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇਸ਼ ਜਿੱਥੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਉੱਥੇ ਆਪਣੇ ਸਕੇ ਸੰਬੰਧੀਆਂ ਨੂੰ ਮਿਲਣ ਵਾਲੇ ਵੀ ਬੜੀ ਉਤਸੁਕਤਾ ਦੇ ਨਾਲ ਇੱਥੇ ਆਉਣਾ ਲੋਚਦੇ ਹਨ। ਅਜਿਹੇ ਮਹਿਮਾਨਾਂ ਦੇ ਵਿੱਚ ਕਈ ਵਾਰ ਬਹੁਤ ਹੀ ਕਮਾਲ ਦੀਆਂ ਸ਼ਖ਼ਸੀਅਤਾਂ ਸ਼ਾਮਿਲ ਹੁੰਦੀਆਂ ਹਨ। ਅੱਜ ਸ. ਅਮਰਜੀਤ ਸਿੰਘ ਪਾਬਲਾ ਪਿੰਡ ਜੋਧਵਾਲ ਜ਼ਿਲ੍ਹਾ ਲੁਧਿਆਣਾ (ਮੌਜੂਦਾ ਰਿਹਾਇਸ਼ ਮੋਹਾਲੀ) ਨਾਲ ਕੁੱਝ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਸ. ਅਮਰਜੀਤ ਸਿੰਘ ਪਾਬਲਾ ਐਫ. ਐੱਸ. ਸੀ. ਮੈਡੀਕਲ ਅਤੇ 1964 ਦੇ ਵਿੱਚ ਗੁਰੂ ਨਾਨਕ ਇੰਜੀਨੀਅਰ ਕਾਲਜ ਲੁਧਿਆਣਾ ਤੋਂ ਬੀ. ਐੱਸ. ਸੀ. ਇਲੈਕਟ੍ਰੀਕਲ ਇੰਜੀਨੀਅਰਿੰਗ ਪਾਸ ਹਨ। ਇਸ ਤੋਂ ਬਾਅਦ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ 34 ਸਾਲ ਸੇਵਾ ਕੀਤੀ ਤੇ ਨਵੰਬਰ 1980 ਵਿੱਚ ਚੀਫ਼ ਇੰਜੀਨੀਅਰ ਵਜੋਂ ਰਿਟਾਇਰ ਹੋਏ। ਸਤੰਬਰ 1994 ਦੇ ਵਿੱਚ ਉਹ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਵੱਲੋਂ ਇੱਕ ਹਫ਼ਤੇ ਲਈ ਇੱਥੇ ਸੈਮੀਨਾਰ ਕਰਨ ਆਏ ਸਨ। ਆਸਟਰੇਲੀਆ ਵਿਖੇ 1976 ਦੇ ਵਿੱਚ ਉਹ ਮਾਸਟਰ ਆਫ਼ ਇੰਜੀਨੀਅਰਿੰਗ ਸਾਇੰਸ (ਇਲੈਕਟ੍ਰੀਕਲ) ਵਿਖੇ ਵੀ ਡਿਗਰੀ ਕਰ ਕੇ ਗਏ ਸਨ।
ਆਪਣੀ ਕਾਬਲੀਅਤ ਅਤੇ ਗਿਆਨ ਨੂੰ ਭਵਿੱਖ ਦੇ ਬੱਚਿਆਂ ਦੇ ਲਈ ਉਪਲਬਧ ਕਰਾਉਣ ਦੇ ਲਈ ਸ. ਅਮਰਜੀਤ ਸਿੰਘ ਪਾਬਲਾ ਨੇ ਪਹਿਲੀ ਕਿਤਾਬ ‘ਇਲੈਕਟ੍ਰਿਕ ਪਾਵਰ ਡਿਸਟ੍ਰੀਬਿਊਸ਼ਨ’ 1981 ਵਿੱਚ ਲਿਖੀ ਅਤੇ ਫਿਰ 1998 ਦੇ ਵਿੱਚ ‘ਇਲੈਕਟ੍ਰੀਕਲ ਪਾਵਰ ਸਿਸਟਮ ਪਲੈਨਿੰਗ’ 1998 ਵਿੱਚ ਲਿਖੀ ਜਿਸ ਨੂੰ ਪ੍ਰਸਿੱਧ ਪਬਲਿਸ਼ਰ ‘ਮੈਕਗ੍ਰਾ ਹਿੱਲ’ ਨੇ ਛਾਪਿਆ ਅਤੇ ਇਸ ਦੇ ਕਈ ਐਡੀਸ਼ਨ ਹੁਣ ਵੀ ਛਪਦੇ ਹਨ ਅਤੇ ਇਹ ਕਿਤਾਬਾਂ ਐਮਾਜ਼ੌਨ ਉੱਤੇ ਉਪਲਬਧ ਹਨ।
ਅੱਜ ਰੇਡੀਓ ਸਪਾਈਸ ਸਟੂਡੀਓ ਵਿਖੇ ਉਨ੍ਹਾਂ ਨਾਲ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਸਟੂਡੀਓ ਵਿਖੇ ਨੱਚਦਾ ਪੰਜਾਬ ਤੋਂ ਸ. ਅਮਰੀਕ ਸਿੰਘ ਜਗੈਤ, ਕੂਕ ਪੰਜਾਬੀ ਸਮਾਚਾਰ ਤੋਂ ਸੰਪਾਦਕ ਸ. ਅਮਰਜੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਤੇ ਗੱਲਾਂ-ਬਾਤਾਂ ਕੀਤੀਆਂ। ਸ. ਪਾਬਲਾ ਸ. ਅਮਰੀਕ ਸਿੰਘ ਜਗੈਤ ਹੋਰਾਂ ਦੇ ਸਤਿਕਾਰਤ ਮਾਮਾ ਜੀ ਲਗਦੇ ਹਨ। ਸ. ਅਮਰਜੀਤ ਸਿੰਘ ਪਾਬਲਾ ਹੋਰਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਵੀ ਪਹੁੰਚੇ ਹਨ, ਜੋ ਕਿ ਐਮ. ਏ. ਪੰਜਾਬੀ ਹਨ। ਅਜਿਹੇ ਮਹਿਮਾਨਾਂ ਦਾ ਇੱਥੇ ਆਉਣ ਉੱਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਅਤੇ ਦੁਆ ਕਰਦੇ ਹਾਂ ਕਿ ਉਹ ਨਿਊਜ਼ੀਲੈਂਡ ਦੀਆਂ ਯਾਦਾਂ ਨੂੰ ਮੁੜ ਆਪਣੇ ਨਾਲ ਲੈ ਕੇ ਜਾਣ। ਉਨ੍ਹਾਂ ਦੇ ਮਾਨ ਸਨਮਾਨ ਵਜੋਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਇੱਕ ਡਾਕ ਟਿਕਟ ਵੀ ਉਨ੍ਹਾਂ ਨੂੰ ਭੇਟ ਕੀਤੀ ਗਈ।