ਸ਼ਰਮ ਅਲ-ਸ਼ੇਖ (ਮਿਸਰ), 20 ਨਵੰਬਰ – ਮਿਸਰ ਵਿਚ ਚੱਲ ਰਹੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ (ਕੋਪ-27) ਦੌਰਾਨ ਜਲਵਾਯੂ ਤਬਦੀਲੀ ਦੇ ਮਾੜੇ ਅਸਰਾਂ ਨਾਲ ਨਜਿੱਠਣ ਲਈ ਫੰਡ ਸਥਾਪਿਤ ਕਰਨ ਬਾਰੇ ਇਕ ਸਮਝੌਤਾ ਸਿਰੇ ਚੜ੍ਹ ਗਿਆ ਹੈ। ਇਹ ਪਹਿਲੀ ਵਾਰ ਹੈ ਜਦ ਸੰਸਾਰ ਦੇ ਦੇਸ਼ਾਂ ਨੇ ਗਰੀਬ ਮੁਲਕਾਂ ਵਿਚ ਜਲਵਾਯੂ ਤਬਦੀਲੀ ਕਾਰਨ ਹੋ ਰਹੇ ਨੁਕਸਾਨ ਦੀ ਪੂਰਤੀ ਲਈ ਅਦਾਇਗੀ ਕਰਨ ਦਾ ਫ਼ੈਸਲਾ ਲਿਆ ਹੈ। ਸੰਮੇਲਨ ਸਮਾਪਤ ਹੋ ਗਿਆ ਹੈ ਪਰ ਇਸ ਦੌਰਾਨ ਆਲਮੀ ਤਪਸ਼ ਦੇ ਮੁੱਢਲੇ ਕਾਰਨ ਜੈਵਿਕ ਈਂਧਨਾਂ ਦਾ ਹੱਲ ਲੱਭਣ ਬਾਰੇ ਗੱਲ ਕਿਸੇ ਸਿਰੇ ਨਹੀਂ ਲੱਗ ਸਕੀ ਹੈ। ਨਵਾਂ ਕਾਇਮ ਹੋਣ ਵਾਲਾ ਫੰਡ ਜਲਵਾਯੂ ਤਬਦੀਲੀ ਕਾਰਨ ਆਉਂਦੀਆਂ ਆਫ਼ਤਾਂ ਨਾਲ ਹੁੰਦੀ ਤਬਾਹੀ ਕਾਰਨ ਹੁੰਦੇ ਨੁਕਸਾਨ ਤੇ ਹਾਨੀ ਦੀ ਪੂਰਤੀ ਲਈ ਕਾਇਮ ਕੀਤਾ ਜਾਵੇਗਾ। ਗਰੀਬ ਮੁਲਕਾਂ ਲਈ ਇਹ ਵੱਡੀ ਜਿੱਤ ਹੈ ਜੋ ਲੰਮੇ ਸਮੇਂ ਤੋਂ ਅਜਿਹੇ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਜਲਵਾਯੂ ਤਬਦੀਲੀ ਕਾਰਨ ਵਿਕਾਸਸ਼ੀਲ ਸੰਸਾਰ ਨੂੰ ਹੜ੍ਹਾਂ, ਸੋਕਿਆਂ, ਭੁੱਖਮਰੀ ਤੇ ਗਰਮੀ ਦੀ ਮਾਰ ਪੈ ਰਹੀ ਹੈ। ਸੰਯੁਕਤ ਰਾਸ਼ਟਰ ਦੇ ਜਲਵਾਯੂ ਸੰਗਠਨ ਦੇ ਮੁਖੀ ਸਾਈਮਨ ਸਟੀਲ ਨੇ ਕਿਹਾ, ‘ਕੋਪ-27 ਦੌਰਾਨ ਹੋਏ ਸਮਝੌਤੇ ਸਾਡੀ ਸਾਰੀ ਦੁਨੀਆ ਲਈ ਜਿੱਤ ਵਾਂਗ ਹਨ।’ ਭਾਰਤ ਸਣੇ ਕਈ ਹੋਰ ਮੁਲਕਾਂ ਨੇ ਇਸ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਦੁਨੀਆ ਨੇ ਇਸ ਲਈ ਲੰਮੀ ਉਡੀਕ ਕੀਤੀ ਹੈ।
Home Page ਕੋਪ-27: ਜਲਵਾਯੂ ਤਬਦੀਲੀ ਦੇ ਮਾੜੇ ਅਸਰਾਂ ਨਾਲ ਨਜਿੱਠਣ ਲਈ ਫੰਡ ਕਾਇਮ ਕਰਨ...