ਐਨਜ਼ੈੱਡਸੀਐੱਸਏ ਵੱਲੋਂ ਭਾਈ ਪਾਲ ਸਿੰਘ ਪੁਰੇਵਾਲ ਜੀ ਦੀ ਯਾਦ ‘ਚ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ

ਪਾਪਾਟੋਏਟੋਏ (ਆਕਲੈਂਡ), 26 ਨਵੰਬਰ – ਐਨਜ਼ੈੱਡ ਕੌਂਸਲ ਆਫ਼ ਸਿੱਖ ਅਫੇਅਰਜ਼ (NZCSA) ਵੱਲੋਂ ਨਾਨਕਸ਼ਾਹੀ ਕਲੰਡਰ ਦੇ ਰਚਾਇਤਾ ਭਾਈ ਪਾਲ ਸਿੰਘ ਪੁਰੇਵਾਲ ਜੀ (89) ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਗੁਰਦੁਆਰਾ ਦਸਮੇਸ਼ ਦਰਬਾਰ, ਕੋਲਮਰ ਰੋਡ, ਪਾਪਾਟੋਏਟੋਏ ਵਿਖੇ ਅੱਜ ਸ਼ਾਮੀ 6.00 ਤੋਂ 8.00 ਵਜੇ ਤੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਭਾਈ ਪਾਲ ਸਿੰਘ ਪੁਰੇਵਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਭਾਈ ਪਾਲ ਸਿੰਘ ਪੁਰੇਵਾਲ 22 ਸਤੰਬਰ 2022 ਨੂੰ ਆਪਣੀ ਸੰਸਾਰਕ ਯਾਤਰਾ ਪੁਰੀ ਕਰਕੇ ਗੁਰੂ ਚਰਨਾ ‘ਚ ਜਾ ਬਿਰਾਜੇ ਹਨ।
ਸ਼ਰਧਾਂਜਲੀ ਸਮਾਗਮ ਦੌਰਾਨ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਹਜ਼ੂਰੀ ਰਾਗੀ ਭਾਈ ਦਵਿੰਦਰ ਪਾਲ ਸਿੰਘ ਜੀ ਦੇ ਜੱਥੇ ਅਤੇ ਭਾਈ ਸੁਰਿੰਦਰ ਸਿੰਘ ਜੀ ਨਿਊਜ਼ੀਲੈਂਡ ਵਾਲੇ ਵੱਲੋਂ ਕੀਰਤਨ ਕੀਤੇ ਗਏ। ਇਨ੍ਹਾਂ ਤੋਂ ਬਾਅਦ ਪੰਜਾਬ ਤੋਂ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਆਏ ਹੋਏ ਕਥਾਵਾਚਕ ਭਾਈ ਮਨਜੀਤ ਸਿੰਘ ਜੀ ਖਾਲਸਾ ਸਤੋਵਾਲ ਵਾਲਿਆਂ ਨੇ ਭਾਈ ਪਾਲ ਸਿੰਘ ਪੁਰੇਵਾਲ ਜੀ ਨੂੰ ਸ਼ਰਧਾ ਦਿੰਦੇ ਹੋਏ ਉਨ੍ਹਾਂ ਵੱਲੋਂ ਬਣਾਏ ਨਾਨਕਸ਼ਾਹੀ ਕਲੰਡਰ ‘ਤੇ ਸੰਗਤਾਂ ਨੂੰ ਪਹਿਰਾ ਦੇਣ ਦੀ ਅਪੀਲ ਕੀਤੀ ਗਈ ਅਤੇ ਸ਼ਬਦ ਦੀ ਵਿਚਾਰ ਕੀਤੀ ਗਈ।
ਐਨਜ਼ੈੱਡ ਕੌਂਸਲ ਆਫ਼ ਸਿੱਖ ਅਫੇਅਰਜ਼ ਦੇ ਚੇਅਰਮੈਨ ਸ. ਤੇਜਵੀਰ ਸਿੰਘ ਜੀ ਨੇ ਕਿਹਾ ਕਿ ਸਾਨੂੰ ਨਾਨਕਸ਼ਾਹੀ ਕਲੰਡਰ ਮੁਤਾਬਿਕ ਗੁਰੂ ਸਾਹਿਬਾਨਾਂ ਦੇ ਦਿਹਾੜੇ ਤੇ ਗੁਰਪੁਰਬ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵੇਖਿਆ ਜਾਏ ਤਾਂ ਇਸ ਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 29 ਦਸੰਬਰ ਨੂੰ ਆ ਰਿਹਾ ਹੈ ਜਦੋਂ ਕਿ 28 ਦਸੰਬਰ ਨੂੰ ਅਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੋ ਵਾਰੀ ਮਨਾ ਰਹੇ ਹਾਂ ਜੋ 9 ਜਨਵਰੀ 2022 ਨੂੰ ਸੀ ਤੇ ਹੁਣ ਇਸੇ ਸਾਲ 29 ਦਸੰਬਰ 2022 ਨੂੰ ਹੈ, ਜਦੋਂ ਕਿ ਅਗਲੇ ਸਾਲ 2023 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆਉਣਾ ਹੀ ਨਹੀਂ ਹੈ, ਇਸ ਲਈ ਇਸ ਬਾਰੇ ਸਾਨੂੰ ਸੋਚਣਾ ਬਣਦਾ ਹੈ ਕਿ ਸਾਨੂੰ ਹਰ ਸਾਲ 5 ਜਨਵਰੀ ਨੂੰ ਹੀ ਨਾਨਕਸ਼ਾਹੀ ਕਲੰਡਰ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ, ਜਿਸ ਦੀ ਭਾਈ ਪਾਲ ਸਿੰਘ ਪੁਰੇਵਾਲ ਜੀ ਹਾਮੀ ਭਰਦੇ ਸਨ।