ਭਾਰਤ ਦਾ ਜੀ-20 ਏਜੰਡਾ ਸਭ ਦੇ ਭਲੇ ਲਈ ਹੋਵੇਗਾ – ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 1 ਦਸੰਬਰ – ਭਾਰਤ ਨੇ ਅੱਜ ਜਦੋਂ ਜੀ-20 ਦੀ ਪ੍ਰਧਾਨਗੀ ਰਸਮੀ ਤੌਰ ’ਤੇ ਸੰਭਾਲ ਲਈ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਲਕ ‘ਇਕ ਧਰਤ, ਇਕ ਪਰਿਵਾਰ, ਇਕ ਭਵਿੱਖ’ ਦੇ ਨਿਸ਼ਾਨੇ ਤਹਿਤ ਰਲ ਕੇ ਅਤੇ ਸਭ ਦੇ ਭਲੇ ਲਈ ਕੰਮ ਕਰੇਗਾ। ਉਨ੍ਹਾਂ ਦਹਿਸ਼ਤਗਰਦੀ, ਵਾਤਾਵਰਨ ਤਬਦੀਲੀ ਅਤੇ ਮਹਾਮਾਰੀ ਨੂੰ ਵੱਡੀਆਂ ਚੁਣੌਤੀਆਂ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦਾ ਟਾਕਰਾ ਰਲ ਕੇ ਹੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੀ-20 ਦੀਆਂ ਤਰਜੀਹਾਂ ਨੂੰ ਨਾ ਸਿਰਫ਼ ਭਾਈਵਾਲਾਂ ਨਾਲ ਸਗੋਂ ਆਲਮੀ ਦੱਖਣੀ ਧੁਰੇ ਦੇ ਸਾਥੀਆਂ ਨਾਲ ਵੀ ਵਿਚਾਰ ਵਟਾਂਦਰੇ ਮਗਰੋਂ ਆਕਾਰ ਦਿੱਤਾ ਜਾਵੇਗਾ, ਜਿਨ੍ਹਾਂ ਦੀ ਆਵਾਜ਼ ਅਣਗੌਲੀ ਰਹਿ ਜਾਂਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਜੀ-20 ਏਜੰਡਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ, ਖਾਹਿਸ਼ਾਂ ਭਰਪੂਰ, ਕਾਰਵਾਈ ਆਧਾਰਿਤ ਅਤੇ ਫੈਸਲਾਕੁਨ ਹੋਵੇਗਾ।
ਪ੍ਰਧਾਨ ਮੰਤਰੀ ਦਾ ਜੀ-20 ਪ੍ਰਧਾਨਗੀ ਬਾਰੇ ਲੇਖ ਅੱਜ ਕਈ ਅਖ਼ਬਾਰਾਂ ’ਚ ਪ੍ਰਕਾਸ਼ਿਤ ਹੋਇਆ ਹੈ ਜਿਸ ਨੂੰ ਉਨ੍ਹਾਂ ਆਪਣੀ ਵੈੱਬਸਾਈਟ ’ਤੇ ਵੀ ਪੋਸਟ ਕੀਤਾ ਹੈ। ਸ੍ਰੀ ਮੋਦੀ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ ਕਿ ਮੁਲਕ ਸਥਾਈ ਜੀਵਨ-ਜਾਚ ਉਤਸ਼ਾਹਿਤ ਕਰਨ, ਭੋਜਨ, ਖਾਦਾਂ ਅਤੇ ਮੈਡੀਕਲ ਉਤਪਾਦਾਂ ਸਮੇਤ ਹੋਰ ਵਿਸ਼ਿਆਂ ਦੀ ਆਲਮੀ ਸਪਲਾਈ ਨੂੰ ਸਿਆਸਤ ਤੋਂ ਵੱਖ ਕਰਨ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਇਹ ਅਹਿਮ ਜ਼ਿੰਮੇਵਾਰੀ ਸੰਭਾਲ ਰਿਹਾ ਹੈ, ਤਾਂ ਸਮੁੱਚੀ ਮਾਨਵਤਾ ਨੂੰ ਫਾਇਦਾ ਪਹੁੰਚਾਉਣ ਵਾਾਲੀ ਮਾਨਸਿਕਤਾ ਨੂੰ ਪ੍ਰੇਰਿਤ ਕੀਤਾ ਜਾਵੇਗਾ।
Home Page ਜੀ-20: ਭਾਰਤ ਨੇ ਜੀ-20 ਦੀ ਪ੍ਰਧਾਨਗੀ ਰਸਮੀ ਤੌਰ ’ਤੇ ਸੰਭਾਲੀ