ਨਵੀਂ ਦਿੱਲੀ, 4 ਦਸੰਬਰ – ਦਿੱਲੀ ਦੇ 250 ਨਿਗਮ ਵਾਰਡਾਂ ਲਈ ਚੋਣ ਦਾ ਅਮਲ ਅੱਜ ਅਮਨ-ਅਮਾਨ ਨਾਲ ਨਿੱਬੜ ਗਿਆ। ਨਿਗਮ ਚੋਣਾਂ ਵਿੱਚ ਮੁੱਖ ਮੁਕਾਬਲਾ ਆਪ, ਭਾਜਪਾ ਤੇ ਕਾਂਗਰਸ ਦਰਮਿਆਨ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਨਿਗਮ ਚੋਣਾਂ ਲਈ ਲਗਪਗ 50% ਵੋਟਾਂ ਪਈਆਂ ਹਨ। ਪੰਜ ਸਾਲ ਪਹਿਲਾਂ ਹੋਈਆਂ (ਨਿਗਮ) ਚੋਣਾਂ ਵਿੱਚ 53% ਪੋਲਿੰਗ ਦਰਜ ਕੀਤੀ ਗਈ ਸੀ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਮਿਉਂਸਿਪਲ ਚੋਣਾਂ ਲਈ ਕੁੱਲ 1349 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤੇ 1.45 ਕਰੋੜ ਤੋਂ ਵੱਧ ਵੋਟਰ ਵੋਟ ਪਾਉਣ ਦੇ ਯੋਗ ਸਨ। ਵੋਟਿੰਗ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਸ਼ਾਮੀਂ ਸਾਢੇ 5 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਆਪ ਤੇ ਭਾਜਪਾ ਨੇ ਇਕ ਦੂਜੇ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਾਏ ਹਨ।
ਦਿੱਲੀ ਨਿਗਮ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਜਿੱਥੇ ਭਾਜਪਾ ਤੋਂ ਸੱਤਾ ਹਥਿਆਉਣ ਦੇ ਰੌਂਅ ਵਿੱਚ ਹੈ, ਉਥੇ ਭਾਜਪਾ ਇਨ੍ਹਾਂ ਚੋਣਾਂ ਵਿੱਚ ਲਗਾਤਾਰ ਚੌਥੀ ਵਾਰ ਨਿਗਮ ’ਤੇ ਕਾਬਜ਼ ਹੋਣ ਦੀ ਫਿਰਾਕ ਵਿੱਚ ਹੈ। ਹੱਦਬੰਦੀ ਦੇ ਸੱਜਰੇ ਅਮਲ ਮਗਰੋਂ ਦਿੱਲੀ ਵਿੱਚ ਇਹ ਪਹਿਲੀਆਂ ਨਿਗਮ ਚੋਣਾਂ ਹਨ।
ਨਿਗਮ ਚੋਣਾਂ ਲਈ ਦਿੱਲੀ ਵਿੱਚ ਕੁੱਲ 13,638 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਸਨ। ਇਨ੍ਹਾਂ ਵਿਚੋਂ 493 ਟਿਕਾਣਿਆਂ ਵਿਚਲੇ 3360 ਬੂਥਾਂ ਨੂੰ ਨਾਜ਼ੁਕ ਜਾਂ ਸੰਵੇਦਨਸ਼ੀਲ ਐਲਾਨਿਆ ਗਿਆ ਸੀ। 68 ਮਾਡਲ ਤੇ ਇੰਨੇ ਹੀ ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਸਨ।
Home Page ਦਿੱਲੀ ਨਿਗਮ ਚੋਣਾਂ: ਨਿਗਮ ਚੋਣਾਂ ਵਿੱਚ ਲਗਪਗ 50% ਪੋਲਿੰਗ, ਚੋਣ ਦਾ ਅਮਲ...