ਕੋਵਿਡ -19: ਮਾਹਿਰ ਦਾ ਕਹਿਣਾ ਹੈ ਕਿ ਸਾਲ ਦੇ ਅਖੀਰ ‘ਚ ਲਹਿਰਾਂ ਦੇ ਵਿਚਕਾਰ ਮੁੜ ਸੰਕਰਮਣ ਵਧਣ ਦਾ ਖ਼ਦਸ਼ਾ, ਪਿਛਲੇ ਹਫ਼ਤੇ 34,528 ਨਵੇਂ ਕਮਿਊਨਿਟੀ ਮਾਮਲੇ ਸਾਹਮਣੇ ਆਏ

ਆਕਲੈਂਡ, 5 ਦਸੰਬਰ – ਮਹਾਂਮਾਰੀ ਵਿਗਿਆਨੀ ਸਾਲ ਦੇ ਅਖੀਰ ‘ਚ ਲਹਿਰਾਂ ਦੇ ਵਿਚਕਾਰ ਮੁੜ ਸੰਕਰਮਣ ਵਧਣ ਦਾ ਖ਼ਦਸ਼ਾ ਜ਼ਾਹਿਰ ਕਰ ਰਹੇ ਹਨ। ਓਟੈਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਬੇਕਰ ਨੇ ਕੀਵੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਤਿਉਹਾਰਾਂ ਦੇ ਮੌਸਮ ਵਿੱਚ ਫੈਲ ਰਹੇ ਵਾਇਰਸ ਨਾਲ ਇੱਕ ਹੋਰ ਮੁਕਾਬਲੇ ਤੋਂ ਬਚਣ।
ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਪਿਛਲੇ ਹਫ਼ਤੇ ਕੋਵਿਡ -19 ਦੇ 34,528 ਨਵੇਂ ਕਮਿਊਨਿਟੀ ਮਾਮਲੇ ਸਾਹਮਣੇ ਆਏ ਹਨ ਅਤੇ ਵਾਇਰਸ ਕਾਰਨ 40 ਮੌਤਾਂ ਹੋਈਆਂ ਹਨ। ਕੱਲ੍ਹ ਇੱਥੇ 3900 ਕੇਸ ਰਿਪੋਰਟ ਕੀਤੇ ਗਏ ਸਨ ਅਤੇ ਸੱਤ ਦਿਨਾਂ ਦੀ ਰੋਲਿੰਗ ਔਸਤ 4926 ਰਹੀ ਹੈ, ਜੋ ਅਗਸਤ ਤੋਂ ਬਾਅਦ ਸਭ ਤੋਂ ਵੱਧ ਗਿਣਤੀ ਦੇਖੀ ਗਈ।
ਕੋਵਿਡ -19 ਕਾਰਣ ਹੋਣ ਵਾਲੀਆਂ ਮੌਤਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ 3 ਹੈ। ਜਿਨ੍ਹਾਂ 40 ਲੋਕਾਂ ਦੀ ਮੌਤ ਦੀ ਮੰਤਰਾਲਾ ਅੱਜ ਰਿਪੋਰਟ ਕਰ ਰਿਹਾ ਹੈ, ਉਨ੍ਹਾਂ ਵਿੱਚੋਂ 2 ਨੌਰਥਲੈਂਡ ਤੋਂ ਸਨ, 14 ਆਕਲੈਂਡ ਖੇਤਰ ਤੋਂ ਸਨ, 4 ਵਾਇਕਾਟੋ ਤੋਂ ਸਨ, 1 ਬੇ ਆਫ਼ ਪਲੇਨਟੀ ਤੋਂ ਸੀ, 4 ਲੇਕ ਤੋਂ ਸਨ, 1 ਹਾਕਸ ਬੇਅ ਤੋਂ ਸੀ, 3 ਮਿਡ ਸੈਂਟਰਲ ਤੋਂ ਸਨ, 3 ਵਾਂਗਾਨੁਈ ਤੋਂ ਸਨ, 1 ਵੈਲਿੰਗਟਨ ਖੇਤਰ ਤੋਂ ਸੀ, 1 ਨੈਲਸਨ ਮਾਰਲਬਰੋ ਤੋਂ ਸੀ, 3 ਕੈਂਟਰਬਰੀ ਤੋਂ ਸਨ ਅਤੇ 9 ਸਾਊਥਰਨ ਤੋਂ ਸਨ।
ਇੱਕ 40 ਸਾਲ ਦਾ, ਤਿੰਨ 50 ਸਾਲ ਦੇ, ਦੋ 60 ਸਾਲ ਦੇ, ਅੱਠ 70 ਸਾਲ ਦੇ, ਇੱਕੀ 80 ਸਾਲ ਦੇ ਅਤੇ ਪੰਜ 90 ਸਾਲ ਤੋਂ ਵੱਧ ਉਮਰ ਦੇ ਸਨ। ਇਨ੍ਹਾਂ ਲੋਕਾਂ ਵਿੱਚੋਂ 16 ਔਰਤਾਂ ਅਤੇ 24 ਪੁਰਸ਼ ਸਨ।
ਐਤਵਾਰ ਅੱਧੀ ਰਾਤ ਨੂੰ ਹਸਪਤਾਲ ਵਿੱਚ ਕੋਵਿਡ ਦੇ 418 ਲੋਕ ਸਨ, ਜੋ ਕਿ 21 ਅਗਸਤ ਤੋਂ ਬਾਅਦ ਦਰਜ ਕੀਤੀ ਗਈ ਸਭ ਤੋਂ ਵੱਧ ਸੰਖਿਆ ਹੈ। ਐਤਵਾਰ ਅੱਧੀ ਰਾਤ ਤੱਕ 10 ਲੋਕ ਇੰਟੈਂਸਿਵ ਕੇਅਰ ਵਿੱਚ ਸਨ। ਪਿਛਲੇ ਸੱਤ ਦਿਨਾਂ ਵਿੱਚ ਨਵੇਂ ਕੇਸਾਂ ਵਿੱਚੋਂ, 9099 ਰੀਇਨਫੈਕਸ਼ਨ ਵਾਲੇ ਕੇਸ ਸਨ। ਰੀਇਨਫੈਕਸ਼ਨ ਰਿਪੋਰਟ ਕੀਤੇ ਗਏ ਕੇਸਾਂ ਦਾ ਇੱਕ ਚੌਥਾਈ ਹਿੱਸਾ ਹੈ, ਜੋ ਕਿ ਨਿਊਜ਼ੀਲੈਂਡ ਦੀ ਕੋਵਿਡ -19 ਸੰਕਰਮਣ ਦੀ ਸਮੁੱਚੀ ਤਸਵੀਰ ਦਾ ਸਿਰਫ਼ ਇੱਕ ਸਬਸੈੱਟ ਦਰਸਾਉਂਦਾ ਹੈ।