ਹੈਮਿਲਟਨ, 12 ਦਸੰਬਰ – ਹੈਮਿਲਟਨ ਵੈਸਟ ਦੀ 10 ਦਸੰਬਰ ਨੂੰ ਹੋਈ ਜ਼ਿਮਨੀ ਚੋਣ ਨੈਸ਼ਨਲ ਪਾਰਟੀ ਦੇ ਉਮੀਦਵਾਰ ਟਾਮਾ ਪੋਟਾਕਾ ਨੇ ਜਿੱਤ ਲਈ ਹੈ। ਇਸ ਜਿੱਤ ਨਾਲ ਜਿੱਥੇ ਨੈਸ਼ਨਲ ਪਾਰਟੀ ‘ਚ ਖ਼ੁਸ਼ੀ ਦੀ ਲਹਿਰ ਹੈ ਉੱਥੇ ਹੀ ਲੇਬਰ ਪਾਰਟੀ ਨੂੰ 2023 ਦੀਆਂ ਦੇਸ਼ ‘ਚ ਹੋਣ ਵਾਲੀਆਂ ਆਮ ਚੋਣ ਤੋਂ ਪਹਿਲਾਂ ਝੱਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਸੀਟ ਪਹਿਲਾਂ ਲੇਬਰ ਪਾਰਟੀ ਦੇ ਹੀ ਸਾਂਸਦ ਗੌਰਵ ਸ਼ਰਮਾ ਕੋਲ ਸੀ, ਪਰ ਉਸ ਨੂੰ ਪਾਰਟੀ ‘ਚੋਂ ਬਾਹਰ ਦਾ ਰਾਹ ਦਿਖਾਏ ਜਾਣ ਤੋਂ ਬਾਅਦ ਜ਼ਿਮਨੀ ਚੋਣ ਕਰਵਾਈ ਗਈ ਹੈ। ਵੋਟਾਂ ਦਾ ਅਧਿਕਾਰਤ ਤੌਰ ‘ਤੇ ਨਤੀਜਾ 21 ਦਸੰਬਰ ਨੂੰ ਐਲਾਨਿਆ ਜਾਏਗਾ।
ਹੈਮਿਲਟਨ ਵੈਸਟ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਟਾਮਾ ਪੋਟਾਕਾ ਨੇ ਇਹ ਜ਼ਿਮਨੀ ਚੋਣ ਲੇਬਰ ਪਾਰਟੀ ਦੇ ਜਾਰਜੀ ਡੈਨਸੀ ਤੋਂ 2285 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ। ਟਾਮਾ ਪੋਟਾਕਾ ਨੂੰ 6629 ਵੋਟਾਂ ਪਈ ਜਦੋਂ ਕਿ ਜਾਰਜੀ ਡੈਨਸੀ ਨੂੰ 4344 ਵੋਟਾਂ ਪਈਆਂ। ਵੋਟਾਂ ‘ਚ ਤੀਜੇ ਨੰਬਰ ਉੱਤੇ ਐਕਟ ਪਾਰਟੀ ਦਾ ਉਮੀਦਵਾਰ ਜੇਮਜ਼ ਮੈਕਡੋਵਾਲ ਰਿਹਾ ਜਿਸ ਨੂੰ 1462 ਵੋਟਾਂ ਪਈਆਂ, ਜਦੋਂ ਕਿ ਚੌਥੇ ਨੰਬਰ ਉੱਤੇ ਸਾਬਕਾ ਹੋਏ ਗੌਰਵ ਸ਼ਰਮਾ (ਹੈਮਿਲਟਨ ਵੈਸਟ ਦੇ ਸਾਬਕਾ ਲੇਬਰ ਸਾਂਸਦ) ਰਿਹਾ ਜਿਸ ਨੂੰ 1156 ਵੋਟਾਂ ਪਈਆਂ।
ਲੇਬਰ ਪਾਰਟੀ ਨੇ ਹੈਮਿਲਟਨ ਵੈਸਟ ਉਪ-ਚੋਣ ‘ਚ ਆਪਣੀ ਹਾਰ ਮੰਨ ਲਈ ਹੈ, ਇਸ ਨੂੰ ਅੰਸ਼ਿਕ ਤੌਰ ‘ਤੇ ਘੱਟ ਵੋਟਰਾਂ ਦੀ ਵੋਟਿੰਗ ‘ਤੇ ਵੇਖਿਆ ਗਿਆ ਹੈ, ਪਰ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਦਰਸਾਉਂਦਾ ਹੈ ਕਿ ਲੋਕ ਸਰਕਾਰ ‘ਚ ਤਬਦੀਲੀ ਚਾਹੁੰਦੇ ਹਨ।
ਜ਼ਿਮਨੀ ਚੋਣ ‘ਚ ਪਈ 14,392 ਵੋਟਾਂ ਦੀ ਗਿਣਤੀ ਹੋਈ, ਜਿਸ ‘ਚ 49,000 ਰਜਿਸਟਰਡ ਵੋਟਰ ਹੋਣ ਦੇ ਬਾਵਜੂਦ ਘੱਟ ਵੋਟਿੰਗ ਵੇਖੀ ਗਈ। ਇਸ ਸਾਲ ਦੇ ਸ਼ੁਰੂ ‘ਚ ਟੌਰੰਗਾ ਜ਼ਿਮਨੀ ਚੋਣ ‘ਚ 31.4% ਮਤਦਾਨ ਦੀ ਤੁਲਨਾ ਵਿੱਚ 10% ਤੋਂ ਘੱਟ ਸੀ। ਇਹ 2016 ਤੋਂ ਬਾਅਦ ਪਿਛਲੀਆਂ ਚਾਰ ਉਪ ਚੋਣਾਂ ਵਿੱਚ ਸਭ ਤੋਂ ਘੱਟ ਹੈ। ਪਾਈਆਂ ਗਈਆਂ ਵੋਟਾਂ ਵਿੱਚੋਂ 68% ਅਗਾਊਂ, 795 ਵਿਸ਼ੇਸ਼ ਵੋਟਾਂ ਸਨ ਅਤੇ ਵਿਦੇਸ਼ਾਂ ਦੀਆਂ 57 ਵੋਟਾਂ ਸ਼ਾਮਿਲ ਹਨ।
ਜ਼ਿਮਨੀ ਚੋਣ ‘ਚ ਨੈਸ਼ਨਲ ਪਾਰਟੀ ਦੇ ਉਮੀਦਵਾਰ ਟਾਮਾ ਪੋਟਾਕਾ ਦੀ ਜਿੱਤ ਤੋਂ ਬਾਅਦ ਨੈਸ਼ਨਲ ਪਾਰਟੀ ਆਗੂ ਕ੍ਰਿਸਟੋਫਰ ਲਕਸਨ ਨੇ ਇੱਕ ਬਿਆਨ ‘ਚ ਕਿਹਾ ਕਿ, ‘ਵੋਟਰਾਂ ਨੇ ਲੇਬਰ ਸਰਕਾਰ ਨੂੰ ਇੱਕ ਸੁਨੇਹਾ ਭੇਜਿਆ ਹੈ ਕਿ ਦੇਸ਼ ਗ਼ਲਤ ਦਿਸ਼ਾ ਵਿੱਚ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਮੋੜਨ ਅਤੇ ਕੰਮ ਕਰਨ ਲਈ ਨੈਸ਼ਨਲ ਸਰਕਾਰ ਦੀ ਜ਼ਰੂਰਤ ਹੈ’। ਉਨ੍ਹਾਂ ਕਿਹਾ ਕੀਵੀ ਹਰ ਰੋਜ਼ ਆਰਥਿਕਤਾ ਦੇ ਪਛੜਨ ਬਾਰੇ ਚਿੰਤਤ ਹਨ, ਆਪਣੇ ਘਰਾਂ ਜਾਂ ਕਾਰੋਬਾਰਾਂ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ, ਜਾਂ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਨਾ ਹੋਣਾ, ਨਾ ਕਿ ਵਿਚਾਰਧਾਰਕ ਫ਼ਾਲਤੂ ਪ੍ਰੋਜੈਕਟ ਜਿਵੇਂ ਕਿ ਥ੍ਰੀ ਵਾਟਰਸ, ਟੀਵੀਐਨਜ਼ੈੱਡ-ਆਰਐਨਜ਼ੈੱਡ ਦੇ ਰਲੇਵੇਂ ਜਾਂ ਨਫ਼ਰਤ ਵਾਲੇ ਭਾਸ਼ਣ ਕਾਨੂੰਨ ਬਾਰੇ ਫ਼ਿਕਰਮੰਦ ਹਨ। ਉਨ੍ਹਾਂ ਕਿਹਾ ਨਿਊਜ਼ੀਲੈਂਡਰ ਨੈਸ਼ਨਲ ਦੀ ਅਗਵਾਈ ਹੇਠ ਬਿਹਤਰ ਪ੍ਰਦਰਸ਼ਨ ਕਰਨਗੇ ਅਤੇ ਹੈਮਿਲਟਨ ਵੈਸਟ ‘ਚ ਅੱਜ ਦੀ ਜਿੱਤ ਨੈਸ਼ਨਲ ਲਈ 2023 ਦੀਆਂ ਚੋਣਾਂ ਤੱਕ ਨੈਸ਼ਨਲ ਪਾਰਟੀ ਦੇ ਨਿਰਮਾਣ ਲਈ ਇੱਕ ਵਧੀਆ ਪਲੇਟਫ਼ਾਰਮ ਹੈ।
ਐਕਟ ਪਾਰਟੀ ਦੇ ਆਗੂ ਡੇਵਿਡ ਸੀਮੌਰ ਨੇ ਕਿਹਾ ਕਿ ਮੈਕਡੋਵਾਲ ਲਈ ਵੋਟਾਂ ਨੇ ਦਿਖਾਇਆ ਕਿ ਪਾਰਟੀ ਕਿੰਨੀ ਮਜ਼ਬੂਤ ਹੋ ਰਹੀ ਹੈ, ਜਦੋਂ ਕਿ 2020 ਦੀਆਂ ਚੋਣਾਂ ‘ਚ ਉਨ੍ਹਾਂ ਕੋਲ ਵੋਟਰਾਂ ਵਿੱਚ ਸਿਰਫ਼ 2.9% ਵੋਟ ਸਨ। ਉਨ੍ਹਾਂ ਕਿਹਾ ਇਹ ਨਤੀਜਾ ਸਾਨੂੰ ਨਿਊਜ਼ੀਲੈਂਡ ਦੇ ਭਵਿੱਖ ਲਈ ਬਹੁਤ ਉਮੀਦਾਂ ਦਿੰਦਾ ਹੈ ਅਤੇ ਇਹ ਅਸਲ ਤਬਦੀਲੀ 2023 ਵਿੱਚ ਆ ਰਹੀ ਹੈ।
Home Page ਨੈਸ਼ਨਲ ਪਾਰਟੀ ਦੇ ਟਾਮਾ ਪੋਟਾਕਾ ਨੇ ਹੈਮਿਲਟਨ ਵੈਸਟ ਦੀ ਜ਼ਿਮਨੀ ਚੋਣ ਜਿੱਤੀ,...