ਪਾਪਾਟੋਏਟੋਏ, 14 ਦਸੰਬਰ – ਇੱਥੇ ਕ੍ਰਿਸਮਿਸ ਮੌਕੇ ਹਰ ਸਾਲ ਦੀ ਤਰ੍ਹਾਂ ਹੋਣ ਵਾਲੀ ‘ਪਾਪਾਟੋਏਟੋਏ ਸ਼ਾਂਤਾ ਪਰੇਡ’ 14 ਦਸੰਬਰ ਦਿਨ ਬੁੱਧਵਾਰ ਨੂੰ ਕੱਢੀ ਗਈ। ਭਾਵੇਂ ਮੀਂਹ ਵਰ੍ਹ ਰਿਹਾ ਸੀ ਪਰ ਪਾਪਾਟੋਏਟੋਏ ਕ੍ਰਿਸਮਿਸ ਪਰੇਡ ਵਿੱਚ ਬਹੁ-ਸਭਿਆਚਾਰਕ ਰੰਗਾਂ ਦਾ ਪ੍ਰਗਟਾਵਾ ਵੇਖਣ ਨੂੰ ਮਿਲਿਆ। ਸ਼ਾਂਤਾ ਪਰੇਡ ਵਿੱਚ ਹਰ ਵਾਰ ਦੀ ਤਰ੍ਹਾਂ ਹਰ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ ਅਤੇ ‘ਸ਼ਾਂਤਾ ਪਰੇਡ’ ਦੀ ਸ਼ਾਨ ਵਧਾਈ।
‘ਸ਼ਾਂਤਾ ਪਰੇਡ’ ਦੇ ਪ੍ਰਬੰਧਕਾਂ ਨੇ ਪਾਪਾਟੋਏਟੋਏ ਦੇ ਨਿਵਾਸੀਆਂ ਅਤੇ ਇੱਥੇ ਰਹਿੰਦੇ ਹਰ ਭਾਈਚਾਰੇ ਤੇ ਸੰਸਥਾਵਾਂ ਦਾ ਇਸ ਦਾ ਹਿੱਸਾ ਬਣਨ ਉੱਤੇ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ ਹੈ। ‘ਪਾਪਾਟੋਏਟੋਏ ਸ਼ਾਂਤਾ ਪਰੇਡ’ ਆਕਲੈਂਡ ਕੌਂਸਲ ਅਤੇ ਓਟਾਰਾ-ਪਾਪਾਟੋਏਟੋਏ ਦੇ ਆਪਸੀ ਸਹਿਯੋਗ ਨਾਲ ਕੱਢੀ ਜਾਂਦੀ ਹੈ। ਇਹ ਪਰੇਡ 7.00 ਵਜੇ ਸ਼ਾਮੀ ਪਾਪਾਟੋਏਟੋਏ ਸੈਂਟਰ ਸਕੂਲ ਕਾਰਨਰ ਤੋਂ ਸ਼ੁਰੂ ਹੋ ਕੇ ਗ੍ਰੇਟ ਸਾਊਥ ਰੋਡ, ਕੋਮਲਰ ਰੋਡ ਤੇ ਸੈਂਟ ਜੌਰਜ ਸਟ੍ਰੀਟ ਤੋਂ ਹੁੰਦੀ ਹੋਈ ਪਾਪਾਟੋਏਟੋਏ ਦੇ ਡੂਨੋਟਰ ਰੋਡ ਵਿਖੇ ਸ਼ਾਮੀ 8.30 ਵਜੇ ਦੇ ਲਗਭਗ ਸਮਾਪਤ ਹੋਈ, ਜਿੱਥੇ ਕੌਂਸਲ ਵੱਲੋਂ ਬੱਚਿਆਂ ਦੇ ਮਨੋਰੰਜਨ ਦਾ ਇੰਤਜ਼ਾਮ ਕੀਤਾ ਹੋਇਆ ਸੀ। ਵਰ੍ਹ ਦੇ ਮੀਂਹ ਵਿੱਚ ਦਰਸ਼ਕਾਂ ਨੇ ਪੂਰੇ ਰਸਤੇ ਉੱਤੇ ਖੜ੍ਹੇ ਹੋ ਕੇ ‘ਪਾਪਾਟੋਏਟੋਏ ਸ਼ਾਂਤਾ ਪਰੇਡ’ ਦਾ ਅਨੰਦ ਮਾਣਿਆ।
‘ਸ਼ਾਂਤਾ ਪਰੇਡ’ ਵਿੱਚ ਭਾਰਤੀ ਭਾਈਚਾਰੇ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਅਤੇ ਉਨ੍ਹਾਂ ਦੇ ਅਦਾਰਿਆਂ ਨੇ ਹਿੱਸਾ ਲਿਆ। ਪਰੇਡ ਵਿੱਚ ਉਹ ਆਪਣੀ ਗੱਡੀਆਂ ਅਤੇ ਬੈਨਰਾਂ ਨਾਲ ਪਹੁੰਚੇ ਹੋਏ ਸਨ। ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ, ਕੋਲਮਰ ਰੋਡ ਦੇ ਪੰਜਾਬੀ ਭਵਨ ਵੱਲੋਂ ਵੀ ਹਰ ਵਾਰ ਦੀ ਤਰ੍ਹਾਂ ਵੱਡਾ ਟਰਾਲਾ ਸਜਾਇਆ ਹੋਇਆ ਸੀ, ਜਿਸ ਵਿੱਚ ਪੰਜਾਬੀਅਤ ਦੇ ਰੰਗ ਨਜ਼ਰ ਆ ਰਹੇ ਸਨ।
Home Page ਪਾਪਾਟੋਏਟੋਏ ‘ਸ਼ਾਂਤਾ ਪਰੇਡ’ ਵਿੱਚ ਬਹੁ-ਸਭਿਆਚਾਰਕ ਰੰਗਾਂ ਦਾ ਪ੍ਰਗਟਾਵਾ