ਵੈਲਿੰਗਟਨ, 8 ਜਨਵਰੀ – ਪ੍ਰਸ਼ਾਂਤ ਸਾਗਰ ਵਿੱਚ ਵਾਨੂਏਤੂ ਟਾਪੂ ’ਤੇ ਅੱਜ ਜਬਰਦਸਤ ਭੂਚਾਲ ਆਇਆ ਜਿਸ ਦੀ ਰਿਕਟਰ ਪੈਮਾਨੇ ’ਤੇ ਤੀਰਬਤਾ 7.2 ਮਾਪੀ ਗਈ। ਅਮਰੀਕਾ ਦੇ ਭੂ-ਵਿਗਿਆਨ ਸਰਵੇਖਣ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਚਾਲ ਮਗਰੋਂ ਟਾਪੂ ਦੇ ਨੇੜਲੇ ਸਮੁੰਦਰੀ ਇਲਾਕਿਆਂ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਏਜੰਸੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਪੋਰਟ ਓਲਰੀ ਤੋਂ ਲਗਪਗ 23 ਕਿਲੋਮੀਟਰ ਦੂਰ 27 ਕਿਲੋਮੀਟਰ ਡੂੰਘਾਈ ਵਿੱਚ ਸੀ। ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਇਸ ਕੇਂਦਰ ਦੇ 300 ਕਿਲੋਮੀਟਰ (186 ਮੀਲ) ਦੇ ਘੇਰੇ ਵਿੱਚ ਤੱਟਾਂ ’ਤੇ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ। ਉਂਜ ਹਾਲੇ ਤੱਕ ਭੂਚਾਲ ਕਾਰਨ ਜਾਨ ਮਾਲ ਦੇ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ। ਦੱਸਣਯੋਗ ਹੈ ਵਾਨੂਏਤੂ ਵਿੱਚ ਲਗਪਗ 2,80,000 ਲੋਕ ਰਹਿੰਦੇ ਹਨ ਅਤੇ ਉੱਥੇ ਕੁਦਰਤੀ ਆਫ਼ਤਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪ੍ਰਸ਼ਾਂਤ ਸਾਗਰ ਵਿੱਚ ਪੈਂਦੇ ਇਸ ਟਾਪੂ ਵਿੱਚ ਜਵਾਲਾਮੁਖੀ ਸਰਗਰਮ ਹਨ ਅਤੇ ਇੱਥੇ ਅਕਸਰ ਭੂੁਚਾਲ ਤੇ ਚੱਕਰਵਾਤ ਆਉਂਦੇ ਰਹਿੰਦੇ ਹਨ।
Home Page ਵਾਨੂਏਤੂ ਟਾਪੂ ’ਤੇ 7.2 ਦੀ ਤੀਰਬਤਾ ਵਾਲਾ ਭੂਚਾਲ ਦਾ ਝਟਕਾ; ਸੁਨਾਮੀ ਦੀ...