ਆਕਲੈਂਡ, 13 ਜਨਵਰੀ – ਨਿਊਜ਼ੀਲੈਂਡ ਦੀ ਬਲੈਕ ਕੈਪਸ ਟੀਮ ਪਾਕਿਸਤਾਨ ਤੋਂ ਬਾਅਦ ਭਾਰਤ ਦੌਰੇ ‘ਤੇ ਜਾਵੇਗੀ। ਇੱਥੇ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਦੌਰੇ ਦੀ ਸ਼ੁਰੂਆਤ 18 ਜਨਵਰੀ ਨੂੰ ਵਨਡੇ ਸੀਰੀਜ਼ ਨਾਲ ਹੋਣੀ ਹੈ। ਪਹਿਲਾ ਟੀ-20 ਮੈਚ 27 ਜਨਵਰੀ ਨੂੰ ਰਾਂਚੀ ਵਿੱਚ ਖੇਡਿਆ ਜਾਵੇਗਾ। ਨਿਊਜ਼ੀਲੈਂਡ ਨੇ ਟੀ-20 ਸੀਰੀਜ਼ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕਪਤਾਨ ਕੇਨ ਵਿਲੀਅਮਸਨ ਨੂੰ ਇਸ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ।
ਮਿਸ਼ੇਲ ਸੈਂਟਨਰ ਭਾਰਤ ਖ਼ਿਲਾਫ਼ ਟੀ-20 ਸੀਰੀਜ਼ ‘ਚ ਕੀਵੀ ਟੀਮ ਦੀ ਕਪਤਾਨੀ ਕਰਨਗੇ। ਕੇਨ ਵਿਲੀਅਮਸਨ ਅਤੇ ਟਿਮ ਸਾਊਥੀ ਪਾਕਿਸਤਾਨ ਦੌਰੇ ਤੋਂ ਬਾਅਦ ਨਿਊਜ਼ੀਲੈਂਡ ਪਰਤਣਗੇ। ਇਹ ਦੋਵੇਂ ਖਿਡਾਰੀ ਭਾਰਤ ਖ਼ਿਲਾਫ਼ ਵਨਡੇ ਸੀਰੀਜ਼ ‘ਚ ਵੀ ਟੀਮ ਦਾ ਹਿੱਸਾ ਨਹੀਂ ਹਨ। ਟਾਮ ਲੈਥਮ ਵਨਡੇ ਲਈ ਐਲਾਨੀ ਗਈ ਟੀਮ ਦੇ ਕਪਤਾਨ ਹਨ। ਇਸ ਟੀਮ ‘ਚ ਕੋਈ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਵੀ ਨਹੀਂ ਹੈ। ਨਿਊਜ਼ੀਲੈਂਡ ਨੂੰ ਭਾਰਤ ਖ਼ਿਲਾਫ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਤੋਂ ਘਰੇਲੂ ਮੈਦਾਨ ‘ਤੇ ਟੈੱਸਟ ਸੀਰੀਜ਼ ਖੇਡਣੀ ਹੈ। ਇਸ ਲਈ ਇਨ੍ਹਾਂ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਸਾਊਥੀ, ਕਪਤਾਨ ਕੇਨ ਵਿਲੀਅਮਸਨ ਅਤੇ ਕੋਚ ਗੈਰੀ ਸਟੀਡ ਦੇ ਨਾਲ ਫਰਵਰੀ ‘ਚ ਇੰਗਲੈਂਡ ਦੌਰੇ ਦੀ ਤਿਆਰੀ ਲਈ ਪਾਕਿਸਤਾਨ ‘ਚ ਵਨਡੇ ਸੀਰੀਜ਼ ਤੋਂ ਬਾਅਦ ਨਿਊਜ਼ੀਲੈਂਡ ਪਰਤਣਗੇ।
ਨਿਊਜ਼ੀਲੈਂਡ ਨੇ ਟੀ-20 ਟੀਮ ‘ਚ ਦੋ ਅਨਕੈਪਡ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਹੈ। ਇਸ ‘ਚ ਬੇਨ ਲਿਸਟਰ ਅਤੇ ਹੈਨਰੀ ਸ਼ਿਪਲੇ ਦੇ ਨਾਮ ਸ਼ਾਮਲ ਹਨ। ਸ਼ਿਪਲੇ ਨੇ ਪਾਕਿਸਤਾਨ ਦੇ ਖ਼ਿਲਾਫ਼ ਖੇਡੀ ਜਾ ਰਹੀ ਵਨਡੇ ਸੀਰੀਜ਼ ‘ਚ ਡੈਬਿਊ ਕੀਤਾ ਸੀ। 27 ਸਾਲਾ ਤੇਜ਼ ਗੇਂਦਬਾਜ਼ ਲਿਸਟਰ ਨੇ 39 ਟੀ-20 ਮੈਚਾਂ ‘ਚ 40 ਵਿਕਟਾਂ ਲਈਆਂ ਹਨ। ਉਸ ਨੇ ਪਿਛਲੇ ਸਾਲ ਭਾਰਤ ਦੇ ਦੌਰੇ ‘ਤੇ ਨਿਊਜ਼ੀਲੈਂਡ ‘ਏ’ ਲਈ ਆਪਣਾ ਡੈਬਿਊ ਕੀਤਾ ਸੀ। ਪਿਛਲੇ ਸੀਜ਼ਨ ‘ਚ ਉਸ ਨੂੰ ‘ਆਕਲੈਂਡ ਗੇਂਦਬਾਜ਼ ਆਫ਼ ਦਿ ਈਅਰ’ ਦਾ ਐਵਾਰਡ ਮਿਲਿਆ ਸੀ।
ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 27 ਜਨਵਰੀ ਨੂੰ ਰਾਂਚੀ ‘ਚ ਹੋਵੇਗਾ, ਦੂਜਾ ਮੈਚ 29 ਜਨਵਰੀ ਨੂੰ ਲਖਨਊ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 1 ਫਰਵਰੀ ਨੂੰ ਅਹਿਮਦਾਬਾਦ ‘ਚ ਆਖ਼ਰੀ ਟੀ-20 ਮੈਚ ਹੋਵੇਗਾ।
ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ: ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਨ ਕਲੀਵਰ, ਡੇਵੋਨ ਕੋਨਵੇ, ਜੈਕਬ ਡਫੀ, ਲਾਕੀ ਫਰਗੂਸਨ, ਬੇਨ ਲਿਸਟਰ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਈਕਲ ਰਿਪਨ, ਹੈਨਰੀ ਸ਼ਿਪਲੇ, ਈਸ਼ ਸੋਢੀ ਅਤੇ ਬਲੇਅਰ ਟਿਕਨਰ
Cricket ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ, ਆਕਲੈਂਡ ਦੇ ਸਵਿੰਗ...