ਪ੍ਰਧਾਨ ਮੰਤਰੀ ਮੋਦੀ ਵੱਲੋਂ ਵਾਰਾਨਸੀ ‘ਚ ਲਗਜ਼ਰੀ ਰਿਵਰ ਕਰੂਜ਼ ਐੱਮਵੀ ਗੰਗਾ ਵਿਲਾਸ ਤੇ ਟੈਂਟ ਸਿਟੀ ਦਾ ਉਦਘਾਟਨ

ਵਾਰਾਨਸੀ, 13 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਲਈ ਮਜ਼ਬੂਤ ਸੰਪਰਕ ਮਹੱਤਵਪੂਰਨ ਹੈ। ਇੱਥੇ ਦੁਨੀਆ ਦੇ ਸਭ ਤੋਂ ਲੰਮੀ ਦੂਰੀ ਤੈਅ ਕਰਨ ਵਾਲੇ ਦਰਿਆਈ ਕਰੂਜ਼ ‘ਐਮਵੀ ਗੰਗਾ ਵਿਲਾਸ’ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਸ਼ੀ ਤੋਂ ਡਿਬਰੂਗੜ੍ਹ ਤੱਕ ਜਾਣ ਵਾਲੇ ਇਸ ਕਰੂਜ਼ ਰਾਹੀਂ ਉੱਤਰ ਭਾਰਤ ਦੀਆਂ ਕਈ ਸੈਰਗਾਹਾਂ ਸੰਸਾਰ ਦੇ ਸੈਰ-ਸਪਾਟਾ ਨਕਸ਼ੇ ਉਤੇ ਆ ਜਾਣਗੀਆਂ। ਦੱਸਣਯੋਗ ਹੈ ਕਿ ਇਹ ਕਰੂਜ਼ ਭਾਰਤ ਤੇ ਬੰਗਲਾਦੇਸ਼ ਵਿਚ 27 ਦਰਿਆਈ ਢਾਂਚਿਆਂ ਨੂੰ ਪਾਰ ਕਰਦਿਆਂ 51 ਦਿਨਾਂ ਵਿਚ 3200 ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ। ਮੋਦੀ ਨੇ ਵਾਰਾਨਸੀ ਵਿਚ ਟੈਂਟ ਸਿਟੀ ਦਾ ਵੀ ਉਦਘਾਟਨ ਕੀਤਾ ਜੋ ਕਿ ਗੰਗਾ ਕਿਨਾਰੇ ਬਣਾਈ ਗਈ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ, ਯੂਪੀ, ਬਿਹਾਰ ਤੇ ਅਸਾਮ ਵਿਚ ਕਰੀਬ ਇਕ ਹਜ਼ਾਰ ਕਰੋੜ ਰੁਪਏ ਦੇ ਜਲਮਾਰਗ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਤੇ ਉਦਘਾਟਨ ਵੀ ਕੀਤੇ। ਭਾਰਤੀਆਂ ਦੇ ਜੀਵਨ ਵਿਚ ਗੰਗਾ ਨਦੀ ਦੇ ਮਹੱਤਵ ਦੀ ਗੱਲ ਕਰਦਿਆਂ ਮੋਦੀ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਕਿਨਾਰਿਆਂ ਨਾਲ ਲੱਗਦਾ ਇਲਾਕਾ ਵਿਕਾਸ ਵਿਚ ਪੱਛੜ ਗਿਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਿਨਾਰਿਆਂ ’ਤੇ ਵੱਸੀ ਵੱਡੀ ਗਿਣਤੀ ਆਬਾਦੀ ਹੋਰ ਥਾਵਾਂ ’ਤੇ ਚਲੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ‘ਨਮਾਮੀ ਗੰਗੇ’ ਮੁਹਿੰਮ ਨਦੀ ਨੂੰ ਸਾਫ਼ ਕਰਨ ਲਈ ਵਿੱਢੀ ਗਈ ਹੈ, ਉੱਥੇ ‘ਅਰਥ ਗੰਗਾ’ ਮੁਹਿੰਮ ਰਾਹੀਂ ਉਨ੍ਹਾਂ ਸੂਬਿਆਂ ਵਿਚ ਆਰਥਿਕ ਗਤੀਸ਼ੀਲਤਾ ਦਾ ਵਾਤਾਵਰਨ ਉਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੋਂ ਗੰਗਾ ਲੰਘਦੀ ਹੈ। ਦੱਸਣਯੋਗ ਹੈ ਕਿ ‘ਗੰਗਾ ਵਿਲਾਸ’ ਵਿਚ ਕਈ ਵਿਦੇਸ਼ੀ ਯਾਤਰੀ ਸਵਾਰ ਹਨ। ਮੋਦੀ ਨੇ ਕਿਹਾ ਕਿ ਗੰਗਾ ਵਿਚ ਕਰੂਜ਼ ਦੀ ਸ਼ੁਰੂਆਤ ਭਾਰਤ ਦੇ ਸੈਰ-ਸਪਾਟਾ ਖੇਤਰ ’ਚ ਇਕ ਨਵਾਂ ਮੀਲ ਪੱਥਰ ਹੈ।
‘ਗੰਗਾ ਵਿਲਾਸ’ ’ਚ ਸਫ਼ਰ ਲਈ ਕੰਪਨੀ ਲਏਗੀ 50-55 ਲੱਖ ਰੁਪਏ
‘ਐਮਵੀ ਗੰਗਾ ਵਿਲਾਸ’ ਨੂੰ ਅੰਤਰਾ ਲਗਜ਼ਰੀ ਰਿਵਰ ਕਰੂਜ਼ਜ਼ ਨਾਂ ਦੀ ਕੰਪਨੀ ਚਲਾਏਗੀ। ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਪੂਰੇ ਸਫ਼ਰ ਲਈ ਟੈਕਸ ਸਮੇਤ 50-55 ਲੱਖ ਰੁਪਏ ਚਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕਰੂਜ਼ ਮਾਰਚ 2024 ਤੱਕ ਪੂਰੀ ਤਰ੍ਹਾਂ ਬੁੱਕ ਹੋ ਚੁੱਕਾ ਹੈ। ਜ਼ਿਆਦਾਤਰ ਸੈਲਾਨੀ ਅਮਰੀਕਾ ਤੇ ਯੂਰੋਪ ਤੋਂ ਹਨ। 51 ਦਿਨਾਂ ਦੀ ਯਾਤਰਾ ’ਚ ਸੈਲਾਨੀਆਂ ਨੂੰ 50 ਥਾਵਾਂ ਦਿਖਾਈਆਂ ਜਾਣਗੀਆਂ ਜਿਨ੍ਹਾਂ ਵਿਚ ਪਟਨਾ, ਕੋਲਕਾਤਾ, ਢਾਕਾ ਤੇ ਗੁਹਾਟੀ ਆਦਿ ਸ਼ਾਮਲ ਹਨ। ਕਰੂਜ਼ ਦੇ ਤਿੰਨ ਡੈੱਕ ਹਨ ਤੇ ਇਹ 36 ਸੈਲਾਨੀਆਂ ਲਈ ਹਰ ਤਰ੍ਹਾਂ ਦੀ ਬਿਹਤਰੀਨ ਸਹੂਲਤ ਨਾਲ ਲੈਸ ਹੈ।