ਪਰਿਵਾਰ ਨੂੰ ਗਿਣਮਿਥਕੇ ਨਿਸ਼ਾਨਾ ਬਣਾਇਆ-ਪੁਲਿਸ ਅਧਿਕਾਰੀ
ਸੈਕਰਾਮੈਂਟੋ, 18 ਜਨਵਰੀ (ਹੁਸਨ ਲੜੋਆ ਬੰਗਾ) – ਕੇਂਦਰੀ ਕੈਲੀਫੋਰਨੀਆ ਵਿਚ ਇਕ 6 ਮਹੀਨੇ ਦੇ ਬੱਚੇ ਤੇ 17 ਸਾਲਾਂ ਦੀ ਨਬਾਲਗ ਮਾਂ ਸਮੇਤ 6 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਮੰਦਭਾਗੀ ਘਟਨਾ ਸੈਨ ਜੋਅਕੁਇਨ ਵੈਲੀ ਵਿਚ ਫਰਿਜ਼ਨੋ ਦੇ ਦੱਖਣ-ਪੂਰਬ ਵਿਚ 35 ਕਿਲੋਮੀਟਰ ਦੂਰ ਗੋਸ਼ਨ ਦੇ ਇਕ ਘਰ ਵਿਚ ਵਾਪਰੀ। ਗੋਸ਼ਨ ਦੀ ਆਬਾਦੀ ਤਕਰੀਬਨ 3000 ਹੈ। ਇਹ ਨੀਮ ਦਿਹਾਤੀ ਇਲਾਕਾ ਹੈ। ਅਜੇ ਤੱਕ ਹੱਤਿਆਰਿਆਂ ਦਾ ਪਤਾ ਨਹੀਂ ਲੱਗਾ ਹੈ। ਇਹ ਘਟਨਾ ਬੀਤੇ ਦਿਨ ਤੜਕਸਾਰ 3.30 ਵਜੇ ਵਾਪਰੀ ਜਦੋਂ ਸਥਾਨਕ ਲੋਕਾਂ ਨੇ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਸੁਣੀਆਂ। ਪਲਿਸ ਅਨੁਸਾਰ ਮਾਂ ਤੇ ਬੱਚੇ ਦੇ ਸਿਰ ਵਿਚ ਗੋਲੀਆਂ ਮਾਰੀਆਂ ਗਈਆਂ ਜਿਨਾਂ ਦੀ ਮੌਕੇ ਉਪਰ ਹੀ ਮੌਤ ਹੋ ਗਈ। ਪੁਲਿਸ ਨੂੰ ਮੌਕੇ ‘ਤੇ 3 ਹੋਰ ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲੇ ਜਦ ਕਿ ਇਕ ਹੋਰ ਜੋ ਜ਼ਖਮੀ ਸੀ, ਹਸਪਤਾਲ ਜਾ ਕੇ ਦਮ ਤੋੜ ਗਿਆ। ਮਾਂ ਤੇ ਬੱਚੇ ਤੋਂ ਬਿਨਾਂ ਮਾਰੇ ਗਏ ਬਾਕੀ 4 ਵਿਅਕਤੀਆਂ ਦਾ ਪੁਲਿਸ ਨੇ ਵੇਰਵਾ ਨਹੀਂ ਦਿੱਤਾ ਹੈ। ਪੁਲਿਸ ਵਿਭਾਗ ਦੇ ਬੁਲਾਰੇ ਐਸ਼ਲੇ ਰਿਚੀ ਨੇ ਕਿਹਾ ਹੈ ਕਿ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਘਰ ਦੇ ਅੰਦਰ ਤੇ ਬਾਹਰ ਪਈਆਂ ਸਨ। ਉਨਾਂ ਕਿਹਾ ਕਿ ਘੱਟੋ ਘੱਟ ਦੋ ਹਮਲਾਵਰ ਸਨ ਤੇ ਇਹ ਅਚਨਚੇਤ ਵਾਪਰੀ ਘਟਨਾ ਨਹੀਂ ਹੈ ਬਲਕਿ ਗਿਣਮਿਥਕੇ ਕੀਤੀ ਗਈ ਹੈ। ਉਨਾਂ ਕਿਹਾ ਕਿ ਪਰਿਵਾਰ ਨੂੰ ਸੋਚੀ ਸਮਝੀ ਯੋਜਨਾ ਤਹਿਤ ਨਿਸ਼ਾਨਾ ਬਣਾਇਆ ਗਿਆ ਹੈ ਤੇ ਇਸ ਘਟਨਾ ਵਿਚ ਕੋਈ ਗਿਰੋਹ ਵੀ ਸ਼ਾਮਿਲ ਹੋ ਸਕਦਾ ਹੈ ਤੇ ਮਾਮਲੇ ਨੂੰ ਡਰੱਗ ਤਸਕਰੀ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਫਿਲਹਾਲ ਮਾਮਲਾ ਜਾਂਚ ਅਧੀਨ ਹੈ।
Home Page ਕੈਲੀਫੋਰਨੀਆ ਵਿਚ ਨਬਾਲਗ ਮਾਂ ਤੇ ਬੱਚੇ ਸਮੇਤ 6 ਵਿਅਕਤੀਆਂ ਦੀ ਗੋਲੀਆਂ ਮਾਰ...