ਭੁਬਨੇਸ਼ਵਰ, 19 ਜਨਵਰੀ – ਇਥੇ ਪੁਰਸ਼ ਹਾਕੀ ਵਰਲਡ ਕੱਪ ਦੇ ਮੈਚ ਵਿੱਚ ਵੀਰਵਾਰ ਨੂੰ ਭਾਰਤ ਨੇ ਵੇਲਜ਼ ਨੂੰ 4-2 ਨਾਲ ਹਰਾ ਕੇ ਪੂਲ ‘ਡੀ’ ਵਿੱਚ ਦੂਜੀ ਥਾਂ ਪੱਕੀ ਕਰ ਲਈ ਹੈ ਅਤੇ ਕਰਾਸਓਵਰ ਮੈਚ ਲਈ ਕੁਆਲੀਫਾਈ ਕਰ ਲਿਆ ਹੈ ਜਿਥੇ ਉਸ ਦਾ ਮੁਕਾਬਲਾ ਕੁਆਰਟ-ਫਾਈਨਲ ਵਿੱਚ ਥਾਂ ਬਣਾਉਣ ਲਈ 22 ਜਨਵਰੀ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ।
ਵੇਲਜ਼ ਖ਼ਿਲਾਫ਼ ਮੈਚ ਵਿੱਚ ਭਾਰਤ ਨੇ ਸ਼ਮਸ਼ੇਰ ਸਿੰਘ ਤੇ ਅਕਾਸ਼ਦੀਪ ਸਿੰਘ ਵੱਲੋਂ ਮੈਚ ਦੇ 21ਵੇਂ ਤੇ 32ਵੇਂ ਮਿੰਟ ਵਿੱਚ ਕੀਤੇ ਗੋਲਾਂ ਨਾਲ ਚੜ੍ਹਤ ਬਣਾਈ। ਇਸ ਮਗਰੋਂ ਵੇਲਜ਼ ਦੀ ਟੀਮ ਨੇ ਦੋ ਮਿੰਟਾਂ ਦੇ ਅੰਤਰ ਵਿੱਚ ਦੋ ਗੋਲ ਦਾਗੇ। ਵੇਰਵਿਆਂ ਅਨੁਸਾਰ ਵੇਲਜ਼ ਦੇ ਖਿਡਾਰੀ ਗੈਰੇਥ ਫਰਲੌਂਗ ਨੇ 42ਵੇਂ ਮਿੰਟ ਅਤੇ ਜੈਕਬ ਡਰੈਪਰ ਨੇ 44ਵੇਂ ਮਿੰਟ ਵਿੱਚ ਗੋਲ ਕੀਤੇ ਤੇ ਮੈਚ ਬਰਾਬਰੀ ’ਤੇ ਲਿਆਂਦਾ।
ਇਸ ਮਗਰੋਂ ਭਾਰਤ ਦੇ ਲਈ ਅਕਾਸ਼ਦੀਪ ਅੱਗੇ ਆਇਆ ਤੇ 45ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ। ਇਸ ਮਗਰੋਂ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਦਿੱਤਾ ਤੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। ਇਸ ਤੋਂ ਪਹਿਲਾਂ ਪੂਲ ‘ਡੀ’ ਮੈਚ ਵਿੱਚ ਇੰਗਲੈਂਡ ਨੇ ਸਪੇਨ ਨੂੰ 4-0 ਨਾਲ ਹਰਾਇਆ ਸੀ। ਪੂਲ ‘ਡੀ’ ਵਿੱਚ ਇੰਗਲੈਂਡ ਸਿਖਰ ’ਤੇ ਹੈ ਤੇ ਉਸ ਨੇ ਸਿੱਧੇ ਤੌਰ ’ਤੇ ਕੁਆਰਟਰ-ਫਾਈਨਲ ਵਿੱਚ ਦਾਖਲਾ ਪਾ ਲਿਆ ਹੈ
Hockey ਵਰਲਡ ਕੱਪ ਹਾਕੀ 2023: ਭਾਰਤ ਨੇ ਵੇਲਜ਼ ਨੂੰ 4-2 ਨਾਲ ਹਰਾਇਆ