ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਰਾਸ਼ਟਰ ਨੂੰ ਸੰਬੋਧਨ

ਨਵੀਂ ਦਿੱਲੀ, 25 ਜਨਵਰੀ – 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਦੇ ਰੂਪ ‘ਚ ਆਪਣੇ ਪਹਿਲੇ ਸੰਬੋਧਨ ‘ਚ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਮਹਾਤਮਾ ਗਾਂਧੀ ਦੁਆਰਾ ਸਮਾਜ ਦੇ ਆਖ਼ਰੀ ਪੜਾਅ ਨੂੰ ਉੱਚਾ ਚੁੱਕਣ ਲਈ ਸਾਨੂੰ ਜੋ ਆਦਰਸ਼ ਦਿੱਤਾ ਗਿਆ ਸੀ, ਉਸ ਨੂੰ ਅਜੇ ਪੂਰੀ ਤਰ੍ਹਾਂ ਸਾਕਾਰ ਕਰਨਾ ਬਾਕੀ ਹੈ, ਪਰ ਅਸੀਂ ਹਰ ਖੇਤਰ ‘ਚ ਤਰੱਕੀ ਕੀਤੀ ਹੈ। ਅਸਧਾਰਨ ਤਰੱਕੀ ਕੀਤੀ ਹੈ। ਕੋਰੋਨਾ ਮਹਾਂਮਾਰੀ ਦੌਰਾਨ ਵੀ ਅਸੀਂ ਕਿਸੇ ਗਰੀਬ ਨੂੰ ਖਾਲੀ ਪੇਟ ਸੌਣ ਨਹੀਂ ਦਿੱਤਾ।
ਗਰੀਬੀ ਤੋਂ ਬਾਹਰ ਆ ਕੇ, ਭਾਰਤ ਨੇ ਅੱਜ ਇੱਕ ਆਤਮਵਿਸ਼ਵਾਸੀ ਦੇਸ਼ ਦੇ ਰੂਪ ਵਿੱਚ ਦੁਨੀਆ ਵਿੱਚ ਆਪਣੀ ਜਗ੍ਹਾ ਬਣਾਈ ਹੈ ਅਤੇ ਵਿਸ਼ਵ ਪ੍ਰਣਾਲੀ ਵਿੱਚ ਸਕਾਰਾਤਮਕ ਪ੍ਰਭਾਵ ਪਾਇਆ ਹੈ। ਇਸ ਭਰੋਸੇ ਦੇ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਸਮੇਤ ਰਾਸ਼ਟਰ ਨਿਰਮਾਤਾਵਾਂ ਨੇ ਜਿਨ੍ਹਾਂ ਉਮੀਦਾਂ ਨਾਲ ਰਾਸ਼ਟਰ ਦੀ ਰੂਪਰੇਖਾ ਤਿਆਰ ਕੀਤੀ ਸੀ, ਉਸ ਵਿੱਚ ਅਸੀਂ ਕਾਫ਼ੀ ਹੱਦ ਤੱਕ ਸਫਲ ਹੋਏ ਹਾਂ।
ਰਾਸ਼ਟਰਪਤੀ ਅਨੁਸਾਰ ਆਰਥਿਕ ਤਰੱਕੀ ਸਭ ਤੋਂ ਕਮਾਲ ਦੀ ਰਹੀ ਹੈ। ਹਾਲ ਹੀ ‘ਚ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਔਖੇ ਸਮੇਂ ਵਿੱਚ ਇਹ ਪ੍ਰਾਪਤੀ ਹੋਈ ਹੈ। ਮਹਾਂਮਾਰੀ ਦਾ ਆਰਥਿਕ ਵਿਕਾਸ ‘ਤੇ ਅਸਰ ਪਿਆ ਹੈ। ਅਰਥਵਿਵਸਥਾ ਦੇ ਜ਼ਿਆਦਾਤਰ ਖੇਤਰ ਮਹਾਂਮਾਰੀ ਜ਼ੋਨ ਤੋਂ ਬਾਹਰ ਆ ਗਏ ਹਨ। ਵੱਖ-ਵੱਖ ਪ੍ਰੋਤਸਾਹਨ ਯੋਜਨਾਵਾਂ ਦਾ ਹਵਾਲਾ ਦਿੰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦੇ ਸਰਗਰਮ ਯਤਨਾਂ ਨਾਲ ਮਹਾਂਮਾਰੀ ਨਾਲ ਲੜਿਆ ਗਿਆ ਹੈ।
81 ਕਰੋੜ ਗਰੀਬਾਂ ਲਈ ਚਲਾਈ ਜਾ ਰਹੀ ਮੁਫ਼ਤ ਰਾਸ਼ਨ ਯੋਜਨਾ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਤਸੱਲੀ ਦੀ ਗੱਲ ਹੈ ਕਿ ਜਿਹੜੇ ਲੋਕ ਹਾਸ਼ੀਏ ‘ਤੇ ਰਹਿ ਗਏ ਸਨ, ਉਨ੍ਹਾਂ ਨੂੰ ਵੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸਕੀਮ 2023 ਵਿੱਚ ਵੀ ਲਾਗੂ ਹੋਵੇਗੀ। ਇਸ ਇਤਿਹਾਸਕ ਕਦਮ ਨਾਲ ਸਰਕਾਰ ਨੇ ਕਮਜ਼ੋਰ ਵਰਗਾਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਰਥਿਕ ਵਿਕਾਸ ਵਿੱਚ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਵੀ ਲਈ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਇੱਕ ਵੱਡਾ ਕਦਮ ਹੈ। ਇਹ ਨਵੀਂ ਪੀੜ੍ਹੀ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਦਾ ਕੰਮ ਕਰੇਗੀ। ਰਾਸ਼ਟਰਪਤੀ ਨੇ ਟੈਕਨੋਲੋਜੀ ਦੇ ਖੇਤਰ ਵਿੱਚ ਹੋਈ ਪ੍ਰਗਤੀ, ਖ਼ਾਸ ਤੌਰ ‘ਤੇ ਡਿਜੀਟਾਈਜੇਸ਼ਨ ‘ਤੇ ਵੀ ਵਿਸ਼ੇਸ਼ ਤੌਰ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦੂਰ-ਦੁਰਾਡੇ ਦੇ ਇਲਾਕੇ ਇੰਟਰਨੈੱਟ ਦਾ ਲਾਭ ਉਠਾ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਦੇ ਜੀਵਨ ਵਿੱਚ ਕਾਫੀ ਬਦਲਾਅ ਆਇਆ ਹੈ।
ਦੇਸ਼ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਵਿਗਿਆਨ ਦੇ ਖੇਤਰ ਵਿੱਚ ਹੋਈ ਤਰੱਕੀ ‘ਤੇ ਮਾਣ ਕਰ ਸਕਦੇ ਹਾਂ। ਭਾਰਤ ਪੁਲਾੜ ਵਿਗਿਆਨ ਵਿੱਚ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ। ਪ੍ਰਾਈਵੇਟ ਸੈਕਟਰ ਨੂੰ ਵੀ ਸ਼ਾਮਲ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ। ਅਸੀਂ ਤਾਰਿਆਂ ਤੱਕ ਪਹੁੰਚ ਕੇ ਵੀ ਆਪਣੇ ਪੈਰ ਜ਼ਮੀਨ ‘ਤੇ ਰੱਖਦੇ ਹਾਂ। ਭਾਰਤ ਦੇ ਮੰਗਲ ਮਿਸ਼ਨ ਨੂੰ ਔਰਤਾਂ ਦੁਆਰਾ ਚਲਾਇਆ ਗਿਆ ਸੀ। ਧੀਆਂ ਹੋਰ ਖੇਤਰਾਂ ਵਿੱਚ ਵੀ ਅੱਗੇ ਆ ਰਹੀਆਂ ਹਨ। ਮਹਿਲਾ ਸਸ਼ਕਤੀਕਰਨ ਹੁਣ ਸਿਰਫ਼ ਇੱਕ ਨਾਅਰਾ ਨਹੀਂ ਰਿਹਾ।
ਰਾਸ਼ਟਰਪਤੀ ਨੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਜ ਵਾਤਾਵਰਨ ਸੰਭਾਲ ਤੋਂ ਲੈ ਕੇ ਸਮਾਜ ਨੂੰ ਇਕਜੁੱਟ ਕਰਨ ਤੱਕ ਦੇਸ਼ ਨੂੰ ਕਈ ਸਬਕ ਸਿਖਾ ਸਕਦਾ ਹੈ | ਉਨ੍ਹਾਂ ਵਿਕਾਸ ਅਤੇ ਵਾਤਾਵਰਨ ਨੂੰ ਸੰਤੁਲਿਤ ਕਰਨ ਦੀ ਚੁਣੌਤੀ ਦਾ ਵੀ ਜ਼ਿਕਰ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਨੇ ਇਸ ਦੀ ਚੁਣੌਤੀ ਦੇ ਖ਼ਿਲਾਫ਼ ਚੇਤਾਵਨੀ ਦਿੱਤੀ ਸੀ। ਵਿਕਾਸ ਜ਼ਰੂਰੀ ਹੈ ਪਰ ਵਾਤਾਵਰਨ ਦਾ ਵੀ ਖਿਆਲ ਰੱਖਣਾ ਪੈਂਦਾ ਹੈ।