ਖਾਲਿਸਤਾਨ ਰੈਫਰੈਂਡਮ: ਮੈਲਬਰਨ ‘ਚ ਖਾਲਿਸਤਾਨ ਪੱਖੀ ਸਿੱਖਾਂ ਤੇ ਭਾਰਤ ਦੇ ਸਮਰਥਕਾਂ ਵਿਚਾਲੇ ਝੜਪ, ਪੁਲਿਸ ਵੱਲੋਂ ਦੋ ਗ੍ਰਿਫ਼ਤਾਰ

ਮੈਲਬਰਨ, 30 ਜਨਵਰੀ – ਇੱਥੇ 29 ਜਨਵਰੀ ਦਿਨ ਐਤਵਾਰ ਨੂੰ ਸਿੱਖਸ ਫ਼ਾਰ ਜਸਟਿਸ ਵੱਲੋਂ ਸੁਤੰਤਰ ਸਿੱਖ ਰਾਜ (ਖਾਲਿਸਤਾਨ) ਦੀ ਸਿਰਜਣਾ ਲਈ ਰਾਇਸ਼ੁਮਾਰੀ ਦੇ ਸੱਦੇ ਦੌਰਾਨ ਆਸਟਰੇਲੀਆ ਵਿੱਚ ਭਾਰਤੀ ਪਰਵਾਸੀ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਝੜਪ ਹੋ ਗਈ। ਭਾਰਤ ਪੱਖੀ ਸਮਰਥਕਾਂ ਦਾ ਸਮੂਹ ਰਾਸ਼ਟਰੀ ਝੰਡੇ ਲਹਿਰਾਉਂਦੇ ਹੋਏ ਫੈਡਰੇਸ਼ਨ ਸਕੁਏਅਰ, ਮੈਲਬਰਨ ਵਿੱਚ ਵੋਟਿੰਗ ਸਥਾਨ ‘ਤੇ ਪਹੁੰਚਿਆ। ਵਿਕਟੋਰੀਆ ਪੁਲੀਸ, ਜਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਮਿਰਚ ਸਪਰੇਅ ਦੀ ਵਰਤੋਂ ਕੀਤੀ, ਪੁਲਿਸ ਨੇ ਕਿਹਾ ਕਿ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜੁਰਮਾਨੇ ਦਾ ਨੋਟਿਸ ਜਾਰੀ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਵੀਡੀਓ ‘ਚ ਘੱਟੋ-ਘੱਟ ਦੋ ਆਦਮੀਆਂ ਦੇ ਸਿਰ ‘ਤੇ ਸੱਟਾਂ ਲੱਗੀਆਂ ਹੋਈਆਂ ਹਨ।
ਮੈਲਬਰਨ ‘ਚ ਸ਼ਹੀਦ ਸਤਵੰਤ ਸਿੰਘ-ਸ਼ਹੀਦ ਕੇਹਰ ਸਿੰਘ ਖਾਲਿਸਤਾਨ ਰੈਫਰੈਂਡਮ ਵੋਟਿੰਗ ਕੇਂਦਰ ਦੇ ਬਾਹਰ ਖਾਲਿਸਤਾਨ ਪੱਖੀ ਕਾਰਕੁਨਾਂ ਅਤੇ ਭਾਰਤੀ ਸਮਰਥਕਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਕਈ ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਨੂੰ ਕੇਂਦਰ ਦੇ ਬਾਹਰ ਸੜਕ ਦੇ ਵਿਚਕਾਰ ਝੜਪਾਂ ਨੂੰ ਰੋਕਣ ਲਈ ਪ੍ਰਦਰਸ਼ਨਕਾਰੀਆਂ ‘ਤੇ ਮਿਰਚ ਦਾ ਸਪਰੇਅ ਕਰਨਾ ਪਿਆ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ ਅਤੇ ਹਫੜਾ-ਦਫੜੀ ਮੱਚ ਗਈ।
ਖ਼ਬਰਾਂ ਮੁਤਾਬਿਕ ਮਿਡ-ਡੇ ਦੇ ਦੌਰਾਨ ਜਦੋਂ ਹਜ਼ਾਰਾਂ ਲੋਕ ਖਾਲਿਸਤਾਨ ਰਾਏਸ਼ੁਮਾਰੀ ਲਈ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹੇ ਸਨ, ਹਿੰਦੂ ਪੁਰਸ਼ਾਂ ਦਾ ਇੱਕ ਸਮੂਹ (ਜੋ ਸਥਾਨਕ ਭਾਜਪਾ ਨਾਲ ਜੁੜੇ ਮੰਨਿਆ ਜਾਂਦਾ ਹੈ) ਵੋਟਿੰਗ ਪ੍ਰਕਿਰਿਆ ਵਿੱਚ ਵਿਘਨ ਪਾਉਣ ਲਈ ਭਾਰਤੀ ਝੰਡੇ ਲਹਿਰਾਉਂਦੇ ਹੋਏ ਕੇਂਦਰ ਦੇ ਬਾਹਰ ਪਹੁੰਚਿਆ। ਉਨ੍ਹਾਂ ਨੇ ਭਾਰਤੀ ਝੰਡੇ ਨਾਲ ਡੰਡੇ ਚੁੱਕੇ ਹੋਏ ਸਨ ਅਤੇ ਖਾਲਿਸਤਾਨ ਲਹਿਰ ਅਤੇ ਸਿੱਖਾਂ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ।