168 ਮੈਂਬਰੀ ਰਿਪਬਲੀਕਨ ਨੈਸ਼ਨਲ ਕਮੇਟੀ ਵਿਚ ਢਿਲੋਂ ਨੂੰ 51 ਤੇ ਮੈਕਡੈਨੀਅਲ ਨੂੰ 111 ਵੋਟਾਂ ਮਿਲੀਆਂ
ਸੈਕਰਾਮੈਂਟੋ, 1 ਫਰਵਰੀ (ਹੁਸਨ ਲੜੋਆ ਬੰਗਾ) – ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿਚ ਹੋਈ ਹਾਰ ਤੋਂ ਬਾਅਦ ਤੇ ਹਾਲ ਹੀ ਵਿਚ ਹੋਈਆਂ ਮੱਧਕਾਲੀ ਚੋਣਾਂ ਵਿਚ ਆਸ ਅਨੁਸਾਰ ਸਫਲਤਾ ਨਾ ਮਿਲਣ ਤੋਂ ਪਰੇਸ਼ਾਨ ਰਿਪਬਲੀਕਨ ਪਾਰਟੀ ਵਿਚ ਖਿਚੋਤਾਣ ਥਮਣ ਦਾ ਨਾਂ ਨਹੀਂ ਲੈ ਰਹੀ। ਤਾਜਾ ਘਟਨਾਕ੍ਰਮ ਵਿਚ ਹਰਮੀਤ ਢਿਲੋਂ ਨੂੰ ਰਿਪਬਲੀਕਨ ਨੈਸ਼ਨਲ ਕਮੇਟੀ (ਆਰ ਐਨ ਸੀ) ਦੇ ਮੁਖੀ ਵਜੋਂ ਆਪਣਾ ਅਹੁੁਦਾ ਗੁਵਾਉਣਾ ਪਿਆ ਹੈ। ਆਰ ਐਨ ਸੀ ਦੀ ਕੈਲੀਫੋਰਨੀਆ ਵਿਚ ਹੋਈ ਮੀਟੰਗ ਵਿਚ ਢਿਲੋਂ ਦੀ ਜਗਾ ‘ਤੇ ਰੋਨਾ ਮੈਕਡੋਨੀਅਲ ਨੂੰ ਦੁਬਾਰਾ ਫਿਰ ਆਪਣਾ ਮੁਖੀ ਚੁਣ ਲਿਆ ਗਿਆ ਹਾਲਾਂ ਕਿ ਪਾਰਟੀ ਦੀਆਂ ਲਗਾਤਾਰ ਤਿੰਨ ਹਾਰਾਂ ਕਾਰਨ ਮੈਕਡੋਨੀਅਲ ਦੀ ਕਰੜੀ ਅਲੋਚਨਾ ਹੋਈ ਸੀ। ਮੈਕਡੋਨੀਅਲ ਵਲੋਂ ਆਸ ਅਨੁਸਾਰ ਕੰਮ ਨਾ ਕਰਨ ਤੇ ਪਾਰਟੀਆਂ ਦੀਆਂ ਆਸਾਂ ਉਪਰ ਖਰਾ ਨਾ ਉਤਰਣ ਕਾਰਨ ਪਾਰਟੀ ਵਿਚ ਉਸ ਦਾ ਵਿਰੋਧ ਹੋ ਰਿਹਾ ਸੀ ਪਰੰਤੂ ਉਸ ਦੇ ਸਮਰਥਕਾਂ ਵਲੋਂ ਢਿਲੋਂ ਵਿਰੁੱਧ ਉਸ ਦੇ ਧਰਮ ਨੂੰ ਲੈ ਕੇ ਚਲਾਈ ਕਥਿੱਤ ਮੁਹਿੰਮ ਨੇ ਇਕ ਵਾਰ ਫਿਰ ਪਾਸਾ ਉਲਟਾ ਦਿੱਤਾ ਹੈ। 168 ਮੈਂਬਰੀ ਆਰ ਐਨ ਸੀ ਵਿਚ ਢਿਲੋਂ ਨੂੰ 51 ਤੇ ਰੋਨਾ ਮੈਕਡੋਨੀਅਲ ਨੂੰ 111 ਵੋਟਾਂ ਮਿਲੀਆਂ। ਢਿਲੋਂ ਨੂੰ ਦੋ ਰਾਜਾਂ ਨਵਾਡਾ ਤੇ ਵਸ਼ਿੰਗਟਨ ਦੀਆਂ ਪਾਰਟੀ ਕਮੇਟੀਆਂ ਦਾ ਸਮਰਥਨ ਮਿਲਿਆ। ਚੋਣ ਵਿਚ ਹਾਲਾਂ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਨਾਂ ਉਮੀਦਵਾਰਾਂ ਵਿਚੋਂ ਖੁਲ ਕੇ ਕਿਸੇ ਦਾ ਵੀ ਸਮਰਥਨ ਨਹੀਂ ਕੀਤਾ ਤੇ ਦੋਨਾਂ ਨਾਲ ਹੀ ਸਾਂਝ ਬਣਾਈ ਰਖੀ ਪਰੰਤੂ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਉਨਾਂ ਨੇ ਗੁਪਤ ਤੌਰ ‘ਤੇ ਮੈਕਡੋਨੀਅਲ ਦਾ ਸਾਥ ਦਿੱਤਾ। ਹਾਰਨ ਉਪਰੰਤ ਢਿਲੋਂ ਨੇ ਕਿਹਾ ਕਿ ਮੇਰਾ ਵਿਚਾਰ ਹੈ ਕਿ ਪਾਰਟੀ ਲੋਕਾਂ ਨਾਲੋਂ ਟੁੱਟ ਚੁੱਕੀ ਹੈ, ਪਾਰਟੀ ਦੀ ਸਫਲਤਾ ਲਈ ਸਾਨੂੰ ਕੰਮ ਕਰਨਾ ਪਵੇਗਾ। ਢਿਲੋਂ ਨੂੰ ਫਲੋਰਿਡਾ ਦੇ ਗਵਰਨਰ ਰੋਨ ਡੇਸੈਨਟਿਸ ਦਾ ਸਮਰਥਨ ਮਿਲਿਆ ਜੋ ਅਗਲੇ ਸਾਲ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਲਡ ਟਰੰਪ ਲਈ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਚੁਣੌਤੀ ਬਣ ਸਕਦੇ ਹਨ। ਡੇਸੈਨਟਿਸ ਨੇ ਢਿਲੋਂ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਆਰ ਐਨ ਸੀ ਵਿਚ ਨਵਾਂ ਜੋਸ਼ ਭਰਨ ਦੀ ਲੋੜ ਹੈ।
Home Page ਰਿਪਬਲੀਕਨ ਪਾਰਟੀ ਨੇ ਹਰਮੀਤ ਢਿਲੋਂ ਦੀ ਥਾਂ ‘ਤੇ ਰੋਨਾ ਮੈਕਡੈਨੀਅਲ ਨੂੰ ਆਪਣਾ...