ਪ੍ਰਧਾਨ ਮੰਤਰੀ ਮੋਦੀ ਦੇ 2019 ਤੋਂ ਲੈ ਕੇ ਹੁਣ ਤੱਕ 21 ਵਿਦੇਸ਼ੀ ਦੌਰਿਆਂ ‘ਤੇ 22.76 ਕਰੋੜ ਰੁਪਏ ਖ਼ਰਚੇ ਗਏ

ਨਵੀਂ ਦਿੱਲੀ, 2 ਫਰਵਰੀ – ਕੇਂਦਰ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਤੋਂ ਲੈ ਕੇ ਹੁਣ ਤੱਕ 21 ਵਾਰ ਵਿਦੇਸ਼ ਦੌਰਿਆਂ ‘ਤੇ ਗਏ ਹਨ ਅਤੇ ਇਨ੍ਹਾਂ ਦੌਰਿਆਂ ‘ਤੇ 22.76 ਕਰੋੜ ਰੁਪਏ ਖ਼ਰਚੇ ਗਏ ਹਨ।
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਰਾਸ਼ਟਰਪਤੀ ਨੇ ਅੱਠ ਵਿਦੇਸ਼ ਦੌਰੇ ਕੀਤੇ ਅਤੇ 2019 ਤੋਂ ਹੁਣ ਤੱਕ ਇਨ੍ਹਾਂ ਦੌਰਿਆਂ ‘ਤੇ 6.24 ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸਾਲ 2019 ਤੋਂ ਰਾਸ਼ਟਰਪਤੀ ਦੇ ਦੌਰਿਆਂ ਲਈ 6,24,31,424 ਰੁਪਏ, ਪ੍ਰਧਾਨ ਮੰਤਰੀ ਦੇ ਦੌਰਿਆਂ ਲਈ 22,76,76,934 ਰੁਪਏ ਅਤੇ ਵਿਦੇਸ਼ ਮੰਤਰੀ ਦੇ ਦੌਰਿਆਂ ਲਈ 20,87,01,475 ਰੁਪਏ ਦੀ ਰਾਸ਼ੀ ਖ਼ਰਚੀ ਹੈ।
ਵਿਦੇਸ਼ ਰਾਜ ਮੰਤਰੀ ਮੁਰਲੀਧਰਨ ਨੇ ਕਿਹਾ ਕਿ 2019 ਤੋਂ ਰਾਸ਼ਟਰਪਤੀ ਨੇ ਅੱਠ ਵਿਦੇਸ਼ੀ ਦੌਰੇ ਕੀਤੇ, ਜਦੋਂ ਕਿ ਪ੍ਰਧਾਨ ਮੰਤਰੀ ਨੇ 21 ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ 86 ਵਿਦੇਸ਼ੀ ਦੌਰੇ ਕੀਤੇ।
2019 ਤੋਂ ਪ੍ਰਧਾਨ ਮੰਤਰੀ ਮੋਦੀ ਤਿੰਨ ਵਾਰ ਜਾਪਾਨ, ਦੋ ਵਾਰ ਅਮਰੀਕਾ ਅਤੇ ਇੱਕ ਵਾਰ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰ ਚੁੱਕੇ ਹਨ। ਅੱਠ ਰਾਸ਼ਟਰਪਤੀ ਦੌਰਿਆਂ ਵਿੱਚੋਂ ਸੱਤ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਕੀਤੇ ਗਏ ਸਨ ਜਦੋਂ ਕਿ ਮੌਜੂਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਿਛਲੇ ਸਤੰਬਰ ਵਿੱਚ ਯੂਕੇ ਦਾ ਦੌਰਾ ਕੀਤਾ ਸੀ।