ਕਈ ਲੋਕ ਇਮਾਰਤਾਂ ਦੇ ਮਲਬੇ ਹੇਠ ਫਸੇ, ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ
ਅੰਕਾਰਾ/ਅਜ਼ਮਾਰਿਨ, 7 ਫਰਵਰੀ – ਦੱਖਣ ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ 6 ਫਰਵਰੀ ਤੜਕੇ ਲੋਕ ਸੋਮਵਾਰ ਦੀ ਸਵੇਰ ਨੂੰ ਨੀਂਦ ਤੋਂ ਵੀ ਨਹੀਂ ਜਾਗੇ ਸਨ ਕਿ ਉਨ੍ਹਾਂ ਨੂੰ ਕੁਦਰਤੀ ਆਫ਼ਤ ਨੇ ਘੇਰ ਲਿਆ। ਰਿਕਟਰ ਪੈਮਾਨੇ ‘ਤੇ 7.8 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਦੋਵੇਂ ਦੇਸ਼ ਹਿੱਲ ਗਏ। ਇੰਨਾ ਹੀ ਨਹੀਂ ਕੁਝ ਘੰਟਿਆਂ ਦੇ ਅੰਦਰ 7.6 ਅਤੇ 6.0 ਦੀ ਤੀਬਰਤਾ ਵਾਲੇ ਦੋ ਹੋਰ ਭੂਚਾਲ ਵੀ ਆਏ। ਇਸ ਤਬਾਹੀ ਵਿੱਚ 3700 ਤੋਂ ਵੱਧ ਮੌਤਾਂ ਹੋਈਆਂ ਹਨ ਜਦੋਂ ਕਿ 10 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਤੁਰਕੀ ਵਿੱਚ 2,316 ਤੋਂ ਵੱਧ ਅਤੇ ਸੀਰੀਆ ਵਿੱਚ 1,999 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਢਹਿ ਗਈਆਂ। ਲੋਕ ਬਚਣ ਲਈ ਬਰਫੀਲੀਆਂ ਸੜਕਾਂ ‘ਤੇ ਇਕੱਠੇ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਹਾਲੇ ਵੀ ਸੈਂਕੜੇ ਲੋਕਾਂ ਦੇ ਮਲਬੇ ਹੇਠ ਫਸੇ ਹਨ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਬਚਾਅ ਕਰਮੀਆਂ ਵੱਲੋਂ ਲੋਕਾਂ ਨੂੰ ਡਿੱਗੀਆਂ ਇਮਾਰਤਾਂ ਦੇ ਮਲਬੇ ਹੇਠੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਰਮਚਾਰੀ ਹਾਲੇ ਵੀ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੱਭ ਰਹੇ ਹਨ। ਘੱਟ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਅੰਦਰ ਫਸੇ ਲੋਕ ਅਤੇ ਸੜਕ ’ਤੇ ਲੋਕਾਂ ਨੂੰ ਮਦਦ ਲਈ ਚੀਕਦੇ ਦੇਖਿਆ ਗਿਆ। ਭੂਚਾਲ ਦੇ ਝਟਕੇ ਕਾਹਿਰਾ ਤੱਕ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਸੀਰੀਆ ਦੀ ਸਰਹੱਦ ਤੋਂ ਲਗਭਗ 90 ਕਿਲੋਮੀਟਰ ਦੂਰ ਗਾਜ਼ੀਆਂਟੇਪ ਸ਼ਹਿਰ ਦੇ ਉੱਤਰ ਵਿੱਚ ਸੀ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਏਰਦੋਆਨ ਨੇ ਟਵੀਟ ਕੀਤਾ ਕਿ ਭੂਚਾਲ ਪ੍ਰਭਾਵਿਤ ਇਲਾਕਿਆਂ ’ਚ ਬਚਾਅ ਟੀਮਾਂ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ ਹੈ। ਭੂਚਾਲ ਤੋਂ ਬਾਅਦ ਵੀ ਫਿਰ 6 ਝਟਕੇ ਮਹਿਸੂਸ ਕੀਤੇ ਗਏ। ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਲੋਕਾਂ ਨੂੰ ਨੁਕਸਾਨੀਆਂ ਇਮਾਰਤਾਂ ਵਿੱਚ ਜਾਣ ਤੋਂ ਬਚਣ ਦਾ ਸਲਾਹ ਦਿੱਤੀ ਹੈ।
ਉੱਤਰੀ-ਪੱਛਮੀ ਸੀਰੀਆ ਵਿੱਚ ਵਿਰੋਧੀ ਧਿਰ ਸੀਰੀਅਨ ਸਿਵਲ ਡਿਫੈਂਸ ਨੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰ ਵਿੱਚ ਸਥਿਤੀ ਨੂੰ ‘‘ਵਿਨਾਸ਼ਕਾਰੀ’’ ਦੱਸਦਿਆਂ ਕਿਹਾ ਕਿ ਢਹਿ-ਢੇਰੀ ਹੋ ਰਹੀਆਂ ਇਮਾਰਤਾਂ ਦੇ ਮਲਬੇ ਹੇਠ ਕਈ ਲੋਕ ਦੱਬੇ ਹੋਏ ਹਨ। ਸੀਰਿਆਈ ਸਿਵਲ ਡਿਫੈਂਸ ਨੇ ਲੋਕਾਂ ਨੂੰ ਇਮਾਰਤਾਂ ਦੇ ਬਾਹਰ ਅਤੇ ਖੁੱਲ੍ਹੀਆਂ ਥਾਵਾਂ ’ਤੇ ਰਹਿਣ ਲਈ ਕਿਹਾ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਗਾਜ਼ੀਆਂਟੇਪ ਤੋਂ ਕਰੀਬ 33 ਕਿਲੋਮੀਟਰ ਦੂਰ 18 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਦੇ ਝਟਕੇ ਸੂਬਿਆਂ ’ਚ ਮਹਿਸੂਸ ਕੀਤੇ ਗਏ। ਭੂਚਾਲ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਪੱਛਮੀ ਏਸ਼ੀਆ ਬਰਫੀਲੇ ਤੂਫਾਨ ਦੀ ਲਪੇਟ ’ਚ ਹੈ, ਜਿਸ ਦੇ ਵੀਰਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਸਭ ਤੋਂ ਵੱਧ ਤਬਾਹੀ ਦੱਖਣੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ ਹੋਈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਬਚਾਅ ਕਰਤਾ ਅਜੇ ਵੀ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਕਈ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 1939 ਵਿੱਚ ਤੁਰਕੀ ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 32 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।
ਸਵੇਰ ਦੇ ਭੂਚਾਲ ਦਾ ਮੁੱਖ ਕੇਂਦਰ ਤੁਰਕੀ ਦੇ ਗਾਜ਼ੀਅਨਟੇਪ ਸੂਬੇ ਵਿੱਚ ਨੂਰਦਾਗੀ ਤੋਂ 23 ਕਿਲੋਮੀਟਰ ਪੂਰਬ ਵਿੱਚ ਸੀ। ਇਸ ਭਿਆਨਕ ਕੁਦਰਤੀ ਆਫ਼ਤ ਤੋਂ ਬਾਅਦ ਤੁਰਕੀ ਵਿੱਚ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਹਵਾਲੇ ਨਾਲ ਕਿਹਾ ਕਿ ਤੁਰਕੀ ਅਤੇ ਵਿਦੇਸ਼ੀ ਨੁਮਾਇੰਦਿਆਂ ਵਿੱਚ 12 ਫਰਵਰੀ ਨੂੰ ਸੂਰਜ ਡੁੱਬਣ ਤੱਕ ਦੇਸ਼ ਦਾ ਝੰਡਾ ਅੱਧਾ ਝੁਕਿਆ ਰਹੇਗਾ।
ਕਰੀਬ ਇੱਕ ਮਿੰਟ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਥਿਤੀ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭੂਚਾਲ ਦੇ ਕੇਂਦਰ ਤੋਂ ਸਾਢੇ ਪੰਜ ਹਜ਼ਾਰ ਕਿਲੋਮੀਟਰ ਦੂਰ ਗ੍ਰੀਨਲੈਂਡ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੇਬਨਾਨ ਵਿੱਚ ਲੋਕਾਂ ਨੇ ਕਰੀਬ 40 ਸਕਿੰਟਾਂ ਤੱਕ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਅਤੇ ਰਾਜਧਾਨੀ ਬੇਰੂਤ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੇ ਵਿੱਚ ਆ ਗਏ। ਕੁੱਲ ਮਿਲਾ ਕੇ, ਸੋਮਵਾਰ ਨੂੰ ਤੁਰਕੀ ਵਿੱਚ 78 ਤੋਂ ਵੱਧ ਭੂਚਾਲ ਆਏ।
Home Page ਦੱਖਣ ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ‘ਚ ਜਬਰਦਸਤ ਭੂਚਾਲ ਕਾਰਨ 3700 ਤੋਂ...