ਟ੍ਰੋਪੀਕਲ ਸਾਈਕਲੋਨ ਗੈਬਰੀਅਲ: ਤੂਫ਼ਾਨ ਹੁਣ ਉੱਤਰੀ ਟਾਪੂ ਤੇ ਦੱਖਣ ਦੇ ਕੁੱਝ ਹਿੱਸਿਆਂ ‘ਚ ਖ਼ਤਰਨਾਕ ਮੌਸਮ ਲਿਆਉਣ ਲਈ ਤਿਆਰ

ਆਕਲੈਂਡ, 10 ਫਰਵਰੀ – ਨਿਊਜ਼ੀਲੈਂਡ ਵੱਲ ਵਧ ਰਹੇ ਟ੍ਰੋਪੀਕਲ ਚੱਕਰਵਾਤ ‘ਗੈਬਰੀਅਲ’ ਤੋਂ ਹੁਣ ਉੱਤਰੀ ਟਾਪੂ ਦੇ ਹੋਰ ਖੇਤਰਾਂ ਅਤੇ ਦੱਖਣੀ ਟਾਪੂ ਦੇ ਕੁੱਝ ਹਿੱਸਿਆਂ ਵਿੱਚ ਖ਼ਤਰਨਾਕ ਸਥਿਤੀਆਂ ਲਿਆਉਣ ਦੀ ਉਮੀਦ ਹੈ। ਨਵੀਨਤਮ MetSerivce ਅੱਪਡੇਟ ਹੁਣ ਸ਼੍ਰੇਣੀ 3 ਚੱਕਰਵਾਤ ਨੂੰ ਦਰਸਾਉਂਦਾ ਹੈ, ਜੋ ਕਿ 140km/h ਪਲੱਸ ਹਵਾਵਾਂ ਅਤੇ ਇੱਕ ਮਹੀਨੇ ਦੇ ਮੀਂਹ ਨਾਲ ਭਰਿਆ ਹੋਇਆ ਹੈ, ਜੋ ਅਗਲੇ ਹਫ਼ਤੇ ਦੇ ਪਹਿਲੇ ਹਿੱਸੇ ਲਈ ਉੱਤਰੀ ਟਾਪੂ ਦੇ ਸਿਖਰ ਤੋਂ ਦੱਖਣ ਦੇ ਸਿਖਰ ਤੱਕ ਪ੍ਰਭਾਵਿਤ ਕਰੇਗਾ।
ਚੱਕਰਵਾਤ ਗੈਬਰੀਅਲ, ਜੋ ਹੁਣ ‘ਗੰਭੀਰ ਸ਼੍ਰੇਣੀ ਤਿੰਨ ਦਾ ਤੂਫ਼ਾਨ’ ਹੈ, ਇਸ ਸਦੀ ‘ਚ ਨਿਊਜ਼ੀਲੈਂਡ ਵਿੱਚ ਆਉਣ ਵਾਲੇ ਸਭ ਤੋਂ ਗੰਭੀਰ ਤੁਫ਼ਾਨਾਂ ਵਿੱਚੋਂ ਇੱਕ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ‘ਚ 300mm ਤੱਕ ਦਾ ਮੀਂਹ ਅਤੇ 150km/h ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਉੱਤਰੀ ਟਾਪੂ ਖੇਤਰਾਂ ਨੂੰ ਵਿਆਪਕ ਨੁਕਸਾਨ ਪਹੁੰਚਾ ਸਕਦੀਆਂ ਹਨ। ਤੂਫ਼ਾਨ ਕਾਰਣ ਹੋਣ ਵਾਲਾ ਨੁਕਸਾਨ ਨੌਰਥਲੈਂਡ ਤੋਂ ਵੈਲਿੰਗਟਨ ਤੱਕ ਵਿਆਪਕ ਹੋ ਸਕਦਾ ਹੈ ਅਤੇ ਤੇਜ਼ ਹਨੇਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਦਰੱਖਤ ਡਿੱਗ ਸਕਦੇ ਹਨ ਅਤੇ ਬਿਜਲੀ ਕੱਟਾਂ ਦਾ ਕਾਰਣ ਬਣ ਸਕਦਾ ਹੈ।
10 ਫਰਵਰੀ ਦਿਨ ਐਤਵਾਰ ਤੋਂ ਉੱਤਰੀ ਅਤੇ ਪੂਰਬੀ ਤੱਟਵਰਤੀ ਖੇਤਰਾਂ ‘ਤੇ ਵੱਡੀਆਂ ਲਹਿਰਾਂ ਅਤੇ ਤੂਫ਼ਾਨ ਦੇ ਵਾਧੇ ਦੀ ਸੰਭਾਵਨਾ ਹੈ। ਇਸ ਦੇ ਨਾਲ 5 ਤੋਂ 7 ਮੀਟਰ ਜਾਂ ਇਸ ਤੋਂ ਵੱਧ ਦੇ ਵਿਚਕਾਰ ਵੱਡੀਆਂ ਲਹਿਰਾਂ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਦਵਾਈ, ਪਾਣੀ ਅਤੇ ਭੋਜਨ ਸਮੇਤ ਘੱਟੋ ਘੱਟ ਤਿੰਨ ਦਿਨਾਂ ਦੀ ਸਪਲਾਈ ਦਾ ਭੰਡਾਰ ਕਰਨ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ।
ਆਕਲੈਂਡ ਦੇ ਆਲੇ-ਦੁਆਲੇ ਦੇ ਸੈਕੰਡਰੀ ਸਕੂਲ, ਖ਼ਾਸ ਤੌਰ ‘ਤੇ ਜੋ ਆਕਲੈਂਡ ਐਨੀਵਰਸਰੀ ਵੀਕਐਂਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਇਸ ਵੀਕਐਂਡ ‘ਤੇ ਵਿਚਾਰ ਕੀਤਾ ਜਾਵੇਗਾ ਕਿ ਕੀ ਕੈਂਪਸ ਸੋਮਵਾਰ ਜਾਂ ਮੰਗਲਵਾਰ ਨੂੰ ਬੰਦ ਕਰਨੇ ਹਨ ਜਾਂ ਨਹੀਂ।
ਏਜੰਸੀ ਨੇ 0.4 ਤੋਂ 0.5 ਮੀਟਰ ਤੱਕ ਤੂਫ਼ਾਨ ਦੇ ਵਾਧੇ ਅਤੇ ਖ਼ਤਰਨਾਕ ਤੱਟਵਰਤੀ ਪਾਣੀ ਦੀ ਚੇਤਾਵਨੀ ਦਿੱਤੀ ਹੈ, ਖ਼ਾਸ ਤੌਰ ‘ਤੇ ਨੌਰਥਲੈਂਡ ਤੋਂ ਬੇ ਆਫ਼ ਪਲੇਨਟੀ ਅਤੇ ਉੱਤਰੀ ਟਾਪੂ ਦੇ ਪੂਰਬੀ ਤੱਟ ਤੱਕ। ਗ੍ਰੇਟ ਬੈਰੀਅਰ ਆਈਸਲੈਂਡ ਸਮੇਤ ਨੌਰਥਲੈਂਡ ਅਤੇ ਆਕਲੈਂਡ ਲਈ ਐਤਵਾਰ ਸਵੇਰੇ 1 ਵਜੇ ਤੋਂ ਮੰਗਲਵਾਰ ਦੁਪਹਿਰ ਤੱਕ 59 ਘੰਟਿਆਂ ਲਈ ਭਾਰੀ ਮੀਂਹ ਦੀ ਨਿਗਰਾਨੀ ਰੱਖੀ ਗਈ ਹੈ।
NIWA ਨੇ ਕਿਹਾ ਕਿ ਇਹ ਅੱਪਡੇਟ ਕੀਤੀ ਟਰੈਕਿੰਗ ਨੌਰਥਲੈਂਡ, ਕੋਰੋਮੰਡਲ, ਬੇ ਆਫ਼ ਪਲੇਨਟੀ, ਗਿਸਬੋਰਨ ਅਤੇ ਹਾਕਸ ਬੇਅ ਨੂੰ ਸਭ ਤੋਂ ਖ਼ਰਾਬ ਮੌਸਮ ਦਾ ਸਾਹਮਣਾ ਕਰੇਗੀ। ਉੱਪਰੀ ਉੱਤਰੀ ਟਾਪੂ ਦੇ ਲੋਕਾਂ ਨੂੰ ਚੱਕਰਵਾਤ ਗੈਬਰੀਅਲ ਦੇ ਆਉਣ ਦੇ ਨਾਲ 300mm ਤੱਕ ਮੀਂਹ ਅਤੇ 150km/h ਹਵਾਵਾਂ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ, ਅਧਿਕਾਰੀਆਂ ਨੇ ਹੁਣ ਆਕਲੈਂਡ ਅਤੇ ਕੋਰੋਮੰਡਲ ‘ਚ ਐਮਰਜੈਂਸੀ ਦੀ ਸਥਿਤੀ ਨੂੰ ਵਧਾ ਦਿੱਤਾ ਹੈ।
ਨਵੀਨਤਮ ਮਾਡਲ ਦਿਖਾਉਂਦੇ ਹਨ ਕਿ 10 ਫਰਵਰੀ ਦਿਨ ਐਤਵਾਰ ਨੂੰ ਖ਼ਰਾਬ ਮੌਸਮ ਆਉਣਾ ਸ਼ੁਰੂ ਹੋ ਜਾਵੇਗਾ ਪਰ ਸੋਮਵਾਰ ਅਤੇ ਮੰਗਲਵਾਰ ਨੂੰ ਚੱਕਰਵਾਤ ਦੇ ਸਭ ਤੋਂ ਭੈੜੇ ਹੋਣ ਦੀ ਸੰਭਾਵਨਾ ਹੈ। ਚੱਕਰਵਾਤ ਦੇ ਮੰਗਲਵਾਰ ਨੂੰ ਨਿਊਜ਼ੀਲੈਂਡ ਦੇ ਲੈਂਡਫਾਲ ‘ਤੇ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ, ਤਾਜ਼ਾ ਟਰੈਕਿੰਗ ਦਿਖਾਉਂਦੇ ਹੋਏ ਕਿ ਇਹ ਨੌਰਥਲੈਂਡ ਦੇ ਪੂਰਬੀ ਹਿੱਸਿਆਂ ਨਾਲ ਟਕਰਾਏਗਾ ਅਤੇ ਫਿਰ ਆਕਲੈਂਡ ਅਤੇ ਬਾਅਦ ਵਿੱਚ ਹਾਕਸ ਬੇਅ ਵੱਲ ਵਧੇਗਾ। ਥੇਮਜ਼ ਕੋਰੋਮੰਡਲ ਡਿਸਟ੍ਰਿਕਟ ਕਾਂਉਸਲ ਨੇ ਕਿਹਾ ਹੈ ਕਿ ਕੋਰੋਮੰਡਲ ‘ਤੇ ਚੱਕਰਵਾਤ ਦਾ ਪ੍ਰਭਾਵ 2018 ਦੇ ਤੂਫ਼ਾਨ ਵਰਗਾ ਅਤੇ 1988 ‘ਚ ਚੱਕਰਵਾਤ ‘ਬੋਲਾ’ ਦੀ ਤੀਬਰਤਾ ਤੋਂ ਥੋੜ੍ਹਾ ਘੱਟ ਹੋਣ ਦੀ ਸੰਭਾਵਨਾ ਹੈ।