ਭਾਰਤ ‘ਚ ਦਿੱਲੀ ਤੇ ਮੁੰਬਈ ’ਚ ਬੀਬੀਸੀ ਦਫ਼ਤਰਾਂ ’ਤੇ ਆਮਦਨ ਕਰ ਵਿਭਾਗ ਦਾ ‘ਸਰਵੇਖਣ ਆਪ੍ਰੇਸ਼ਨ’

ਨਵੀਂ ਦਿੱਲੀ, 14 ਫਰਵਰੀ – ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਬੇਨਿਯਮੀਆਂ ਦੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਦਿੱਲੀ ਅਤੇ ਮੁੰਬਈ ਸਥਿਤ ਬੀਬੀਸੀ ਦਫ਼ਤਰਾਂ ਅਤੇ ਦੋ ਹੋਰ ਸਬੰਧਤ ਸਥਾਨਾਂ ‘ਤੇ 10 ਘੰਟੇ ਤੋਂ ਵੱਧ ਦਾ ‘ਸਰਵੇਖਣ ਅਭਿਆਨ’ ਚਲਾਇਆ। ਆਮਦਨ ਕਰ ਵਿਭਾਗ ਦੀਆਂ ਕਈ ਟੀਮਾਂ ਨੇ ਅੱਜ ਦਿੱਲੀ ਤੇ ਮੁੰਬਈ ਵਿਚਲੇ ਬੀਬੀਸੀ ਦੇ ਦਫ਼ਤਰਾਂ ਵਿੱਚ ਛਾਪੇ ਮਾਰੇ ਹਨ।
ਵਰਨਣਯੋਗ ਹੈ ਕਿ ਇਹ ਹੈਰਾਨੀਜਨਕ ਕਦਮ ਬੀਤੇ ਦਿਨੀ ਬੀਬੀਸੀ ਵੱਲੋਂ ਦੋ ਭਾਗਾਂ ਵਾਲੀ ਗੋਦਰਾ ਕਾਂਡ ਬਾਰੇ ਡਾਕੂਮੈਂਟਰੀ ‘ਇੰਡੀਆ: ਦਿ ਮੋਦੀ ਕਵੇਸ਼ਨ’ ਨੂੰ ਪ੍ਰਸਾਰਿਤ ਕਰਨ ਤੋਂ ਹਫ਼ਤੇ ਬਾਅਦ ਆਇਆ ਹੈ।
ਬੀਬੀਸੀ ਨੇ ਕਿਹਾ ਕਿ ਉਹ ‘ਪੂਰਾ ਸਹਿਯੋਗ’ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਜਲਦੀ ਹੀ ਠੀਕ ਹੋ ਜਾਵੇਗਾ। ਭਾਜਪਾ ਨੇ ਬੀਬੀਸੀ ਨੂੰ ਦੁਨੀਆ ਦੀ ਸਭ ਤੋਂ ‘ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ’ ਕਰਾਰ ਦਿੱਤਾ ਅਤੇ ਕਿਹਾ ਕਿ ਮੀਡੀਆ ਸਮੂਹ ਦੇ ਖਿਲਾਫ ਆਮਦਨ ਕਰ ਵਿਭਾਗ ਦਾ ਛਾਪਾ ਨਿਯਮਾਂ ਅਤੇ ਸੰਵਿਧਾਨ ਅਧੀਨ ਹੈ।
ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਇਸ ਕਾਰਵਾਈ ਨੂੰ ਲੈ ਕੇ ਸਰਕਾਰ ‘ਤੇ ਹਮਲਾ ਕਰਨ ਲਈ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੀ ਵੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਬੀਬੀਸੀ ‘ਤੇ ਪਾਬੰਦੀ ਲਗਾਈ ਸੀ।
ਇਸ ਸਰਵੇਖਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਗਰਮਾ-ਗਰਮ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ। ਜਦੋਂ ਕਿ ਵਿਰੋਧੀ ਧਿਰ ਨੇ ਇਸ ਕਦਮ ਦੀ ਨਿੰਦਾ ਕੀਤੀ, ਭਾਜਪਾ ਨੇ ਬੀਬੀਸੀ ‘ਤੇ ਭਾਰਤ ਵਿਰੁੱਧ “ਜ਼ਹਿਰੀਲੀ” ਰਿਪੋਰਟਿੰਗ ਕਰਨ ਦਾ ਦੋਸ਼ ਲਗਾਇਆ।