ਟ੍ਰੋਪੀਕਲ ਸਾਈਕਲੋਨ ਗੈਬਰੀਅਲ: ਨੈਸ਼ਨਲ ਸਟੇਟ ਆਫ਼ ਐਮਰਜੈਂਸੀ ਦਾ ਐਲਾਨ ਕੀਤਾ ਗਿਆ

ਆਕਲੈਂਡ, 15 ਫਰਵਰੀ – ਟ੍ਰੋਪੀਕਲ ਸਾਈਕਲੋਨ ਗੈਬਰੀਅਲ ਕਾਰਣ ਅਤਿ ਖ਼ਰਾਬ ਮੌਸਮ ਦੀ ਇੱਕ ਰਾਤ ਤੋਂ ਬਾਅਦ ਨੈਸ਼ਨਲ ਸਟੇਟ ਆਫ਼ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਪੂਰੇ ਉੱਤਰੀ ਟਾਪੂ ਦੇ ਕਸਬੇ ਕੱਟ ਗਏ।
ਮਨਿਸਟਰੀ ਆਫ਼ ਐਮਰਜੈਂਸੀ ਮੈਨੇਜਮੈਂਟ ਕੀਰਨ ਮੈਕਐਨਲਟੀ ਨੇ 14 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 8.43 ਵਜੇ ਨੈਸ਼ਨਲ ਸਟੇਟ ਆਫ਼ ਐਮਰਜੈਂਸੀ ਦਾ ਐਲਾਨ ਕੀਤੀ। ਇਹ ਤੀਜੀ ਵਾਰ ਹੈ ਜਦੋਂ ਨਿਊਜ਼ੀਲੈਂਡ ਸਰਕਾਰ ਨੇ ਨੈਸ਼ਨਲ ਸਟੇਟ ਆਫ਼ ਐਮਰਜੈਂਸੀ ਦਾ ਐਲਾਨ ਕੀਤੀ ਹੈ। ਪਿਛਲੇ ਐਲਾਨ ਕ੍ਰਾਈਸਟਚਰਚ ਭੂਚਾਲ ਅਤੇ ਕੋਵਿਡ -19 ਮਹਾਂਮਾਰੀ ਲਈ ਐਲਾਨੇ ਗਏ ਸਨ।
ਉਨ੍ਹਾਂ ਨੇ ਕਿਹਾ ਕਿ ਇਹ ਐਲਾਨ ਸ਼ੁਰੂ ‘ਚ ਉਨ੍ਹਾਂ ਛੇ ਖੇਤਰਾਂ ‘ਤੇ ਲਾਗੂ ਹੋਵੇਗੀ ਜਿਨ੍ਹਾਂ ਨੇ ਐਮਰਜੈਂਸੀ ਦੀ ਸਥਾਨਕ ਸਥਿਤੀ ਐਲਾਨ ਕੀਤੀ ਹੈ: ਨੌਰਥਲੈਂਡ, ਆਕਲੈਂਡ, ਟਾਈਰਾਵਿਟੀ, ਬੇਅ ਆਫ਼ ਪਲੇਨਟੀ, ਵਾਇਕਾਟੋ ਅਤੇ ਹਾਕਸ ਬੇਅ। ਫਿਰ ਇਸ ਨੂੰ ਤਾਰਾਰੂਆ ਜ਼ਿਲ੍ਹੇ ਨੂੰ ਸ਼ਾਮਲ ਕਰਨ ਲਈ ਵਧਾ ਦਿੱਤਾ ਗਿਆ ਸੀ, ਜਿਸ ਨੇ ਮੈਕਐਨਲਟੀ ਦੁਆਰਾ ਨੈਸ਼ਨਲ ਸਟੇਟ ਆਫ਼ ਐਮਰਜੈਂਸੀ ਐਲਾਨ ਕਰਨ ਤੋਂ ਤੁਰੰਤ ਬਾਅਦ ਐਮਰਜੈਂਸੀ ਦੀ ਸਥਾਨਕ ਸਥਿਤੀ ਦਾ ਐਲਾਨ ਕੀਤੀ ਸੀ।