ਵੈਲਿੰਗਟਨ, 16 ਫਰਵਰੀ – ਬੀਤੀ ਰਾਤ ਦੇਸ਼ ‘ਚ 6.3 ਤੀਬਰਤਾ ਦੇ ਭੂਚਾਲ ਦੇ ਝਟਕੇ ਆਉਣ ਤੋਂ ਬਾਅਦ ਅੱਜ ਮੱਧ ਨਿਊਜ਼ੀਲੈਂਡ ‘ਚ ਝਟਕੇ ਜਾਰੀ ਰਹਿਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ 60,000 ਤੋਂ ਵੱਧ ਲੋਕਾਂ ਨੇ ਵੈਲਿੰਗਟਨ ਨੇੜੇ ਸ਼ਾਮ 7.38 ਵਜੇ ਭੂਚਾਲ ਨੂੰ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਅਤੇ ਕੁੱਝ ਨੇ ਇਸ ਨੂੰ ‘ਵੱਡਾ’ ਅਤੇ ‘ਡਰਾਉਣਾ’ ਦੱਸਿਆ।
ਬੀਤੀ ਰਾਤ ਲੋਕਾਂ ਨੇ ਇੱਕ ਵੱਡੇ ਝਟਕੇ ਨਾਲ ਸ਼ੁਰੂ ਹੋਏ ਭੂਚਾਲ ਦੀ ਰਿਪੋਰਟ ਕੀਤੀ ਅਤੇ ਘੱਟੋ-ਘੱਟ 30 ਸਕਿੰਟਾਂ ਤੱਕ ਮੱਧਮ ਝਟਕੇ ਮਹਿਸੂਸ ਕੀਤੇ। ਜੀਓਨੈੱਟ ਦਾ ਕਹਿਣਾ ਹੈ ਕਿ ਭੂਚਾਲ ਸ਼ਾਮ 7.38 ਵਜੇ ਪੈਰਾਪਾਰਾਮੂ ਤੋਂ 50 ਕਿੱਲੋਮੀਟਰ ਉੱਤਰ ਪੱਛਮ ‘ਚ 48 ਕਿੱਲੋਮੀਟਰ ਦੀ ਡੂੰਘਾਈ ‘ਚ ਆਇਆ। ਜੀਓਨੈੱਟ ਨੇ ਇਸ ਨੂੰ ਮਜ਼ਬੂਤ ਵਜੋਂ ਸ਼੍ਰੇਣੀਬੱਧ ਕੀਤਾ। ਭੂਚਾਲ ਦਾ ਕੇਂਦਰ ਕੁੱਕ ਸਟ੍ਰੇਟ ‘ਚ ਸੀ, ਜੋ ਇੱਕ ਟੈਕਟੋਨਿਕ ਪਲੇਟ ਦੇ ਦੂਜੀ ਦੇ ਹੇਠਾਂ ਜਾਣ ਕਾਰਣ ਹੋਇਆ ਸੀ।
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਕਿਹਾ ਕਿ ਭੂਚਾਲ ਨਾਲ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਵੈਲਿੰਗਟਨ ਖੇਤਰ ਦੇ ਐਮਰਜੈਂਸੀ ਪ੍ਰਬੰਧਨ ਦਫ਼ਤਰ ਨੇ ਕਿਹਾ ਕਿ ਝਟਕਿਆਂ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਥੋੜ੍ਹੇ ਸਮੇਂ ਬਾਅਦ 4.0 ਤੀਬਰਤਾ ਦਾ ਭੂਚਾਲ ਟੌਮਾਰੁਨੁਈ ਦੇ 45 ਕਿੱਲੋਮੀਟਰ ਦੱਖਣ-ਪੱਛਮ ‘ਚ ਅਤੇ 78 ਕਿੱਲੋਮੀਟਰ ਦੀ ਡੂੰਘਾਈ ‘ਚ ਆਇਆ।
ਜੀਐਨਐੱਸ ਦੇ ਭੂਚਾਲ ਡਿਊਟੀ ਅਧਿਕਾਰੀ ਜੇਨ ਐਂਡਰਿਊਜ਼ ਨੇ ਕਿਹਾ ਕਿ ਸਭ ਤੋਂ ਵੱਡੇ 3.3 ਤੀਬਰਤਾ ਮਾਪਣ ਵਾਲੇ ਰਾਤ ਭਰ ਅੱਠ ਹੋਰ ਝਟਕੇ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਇਸ ਸਮੇਂ ਬਹੁਤ ਸਾਰੇ ਝਟਕੇ ਪੈਦਾ ਨਹੀਂ ਕਰ ਰਿਹਾ ਹੈ ਪਰ ਅਸੀਂ ਸ਼ਾਇਦ ਕੁੱਝ ਹੋਰ ਦੀ ਉਮੀਦ ਕਰ ਸਕਦੇ ਹਾਂ। ਪਰ ਭੂਚਾਲ ਦੀ ਕਿਸਮ ਅਤੇ ਡੂੰਘਾਈ ਕਾਰਣ ਸ਼ੁਰੂਆਤੀ 6.3 ਦੀ ਤੀਬਰਤਾ ਦੇ ਝਟਕੇ ਨਾਲ ਜੁੜੇ ਜ਼ਿਆਦਾਤਰ ਝਟਕੇ ਮਹਿਸੂਸ ਨਹੀਂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਕੁੱਕ ਸਟ੍ਰੇਟ ‘ਚ ਸੀ, ਜੋ ਇੱਕ ਟੈਕਟੋਨਿਕ ਪਲੇਟ ਦੇ ਦੂਜੀ ਦੇ ਹੇਠਾਂ ਜਾਣ ਕਾਰਣ ਹੋਇਆ ਸੀ।
Home Page ਵੈਲਿੰਗਟਨ ‘ਚ 6.3 ਤੀਬਰਤਾ ਦਾ ਭੂਚਾਲ, 8 ਹੋਰ ਆਫ਼ਟਰ ਸ਼ੌਕ