ਟ੍ਰੋਪੀਕਲ ਸਾਈਕਲੋਨ ਗੈਬਰੀਅਲ: ਸੈਂਟਰਲ ਸਿੱਖ ਐਸੋਸੀਏਸ਼ਨ ਵੱਲੋਂ ਨੇਪੀਅਰ ਹੇਸਟਿੰਗਜ ਲਈ ਸਹਾਇਤਾ ਭੇਜੀ ਗਈ

ਆਕਲੈਂਡ, 19 ਫਰਵਰੀ – ਸੈਂਟਰਲ ਸਿੱਖ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਦਸਮੇਸ਼ ਦਰਬਾਰ ‘ਚ ਮੀਟਿੰਗ ਹੋਈ ਜਿਸ ‘ਚ ਇਹ ਅਹਿਮ ਫ਼ੈਸਲਾ ਲਿਆ ਗਿਆ ਕੇ ਨੇਪੀਅਰ-ਹੇਸਟਿੰਗਜ ਤੋਂ ਸਾਡੇ ਫਾਰਮਰਾਂ ਨੇ ਸਾਡੀ ਬਹੁਤ ਮਦਦ ਕੀਤੀ ਸੀ ਜਿੱਥੇ ਅਸੀਂ ਦੁਨੀਆ ਭਰ ‘ਚ ਮਨੁੱਖਤਾ ਲਈ ਮਦਦ ਕਰ ਰਹੇ ਹਾਂ ਹੁਣ ਆਪਣਿਆਾਂ ਨਾਲ ਵੀ ਖੜਨ ਦਾ ਟਾਈਮ ਹੈ ਜਦੋਂ ਕਿ ਟ੍ਰੋਪੀਕਲ ਸਾਈਕਲੋਨ ਗੈਬਰੀਅਲ ਕਾਰਣ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਸ ਫ਼ੈਸਲੇ ਉਪਰੰਤ ਸਾਰੇ ਗੁਰੂ ਘਰਾਂ ਵੱਲੋਂ ਤੁਰੰਤ ਇੱਕ ਟਰੱਕ ਸਮਾਨ ਜਿਸ ਵਿੱਚ ਇੱਕ ਟਨ ਚੌਲਾਂ ਸਮੇਤ, ਸੀਰੀਅਲ, ਖੰਡ ਆਦਿ ਸਮੇਤ ਲਗਭਗ 10-12 ਰੋਜ਼ਾਨਾ ਜ਼ਿੰਦਗੀ ‘ਚ ਵਰਤੋ ਆਉਣ ਵਾਲੇ ਸਮਾਨ ਟਾਕਾਨੀਨੀ ਗੁਰੂ ਘਰ ਤੋਂ ਭੇਜਿਆ ਗਿਆ ਹੈ। ਹੋਰ ਸਮਾਨ ਜਿਸ ‘ਚ ਨਵੇਂ ਕੱਪੜੇ ਆਦਿ ਸਮਾਨ ਭੇਜਿਆ ਜਾਵੇਗਾ ਅਤੇ $25,000 ਦੀ ਪਹਿਲੀ ਕਿਸ਼ਤ ਵੀ ਕੈਸ਼ ਭੇਜੀ ਜਾ ਰਹੀ ਹੈ। ਇਹ ਸਮਾਨ ਲੋਕਲ ਗੁਰੂ ਘਰਾਂ ਦੀ ਕਮੇਟੀਆਂ ਅਤੇ ਪਹਿਲਾਂ ਤੋਂ ਕੰਮ ਕਰ ਰਹੀਆਂ ਸਿੱਖ ਟੀਮਾਂ ਰਾਹੀ ਪਹੁੰਚਾਇਆ ਜਾਵੇਗਾ। ਆਉਣ ਵਾਲੇ ਹਫ਼ਤੇ ‘ਚ ਸਾਰੇ ਗੁਰੂ ਘਰ ਇਸ ਵਾਸਤੇ ਹੋਰ ਮਦਦ ਕਰਨ ਲਈ ਜ਼ੋਰ ਲਾਉਣਗੇ ਅਤੇ ਸੰਗਤਾਂ ਨੂੰ ਵੀ ਅਪੀਲ ਕਰਨਗੇ। ਇਹ ਜਾਣਕਾਰੀ ਸੰਸਥਾ ਦੇ ਪ੍ਰਧਾਨ ਦਲਜੀਤ ਸਿੰਘ ਨੇ ਦਿੱਤੀ ਹੈ।