ਮਿਸੀਸਿਪੀ ‘ਚ ਹੋਈ ਗੋਲੀਬਾਰੀ ਵਿੱਚ 6 ਵਿਅਕਤੀਆਂ ਦੀ ਮੌਤ, ਸ਼ੱਕੀ ਹਮਲਾਵਰ ਗ੍ਰਿਫ਼ਤਾਰ

ਮ੍ਰਿਤਕਾਂ ‘ਚ ਸ਼ੱਕੀ ਦੀ ਸਾਬਕਾ ਪਤਨੀ ਤੇ ਆਂਢ ਗੁਆਂਢ ਦੇ ਲੋਕ ਸ਼ਾਮਿਲ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਮਿਸੀਸਿਪੀ (ਟੇਟ ਕਾਊਂਟੀ) ‘ਚ ਇੱਕ ਵਿਅਕਤੀ ਨੇ ਗੋਲੀਆਂ ਮਾਰ ਕੇ ਆਪਣੀ ਸਾਬਕਾ ਪਤਨੀ ਸਮੇਤ 6 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਤੇ ਇੱਕ ਹੋਰ ਨੂੰ ਜ਼ਖਮੀ ਕਰ ਦਿੱਤਾ। ਇਹ ਜਾਣਕਾਰੀ ਟੇਟ ਕਾਊਂਟੀ ਦੇ ਸ਼ੈਰਿਫ ਬਰਾਡ ਲਾਂਸ ਨੇ ਦਿੱਤੀ ਹੈ। ਲਾਂਸ ਅਨੁਸਾਰ ਪਿਛਲੇ ਦਿਨ 18 ਫਰਵਰੀ ਨੂੰ ਸਵੇਰ 11 ਵਜੇ ਦੇ ਆਸਪਾਸ ਪੁਲਿਸ ਨੂੰ ਉੱਤਰੀ ਮਿਸੀਸਿਪੀ ਦੇ ਛੋਟੇ ਜਿਹੇ ਦਿਹਾਤੀ ਕਸਬੇ ਅਰਕਾਬੂਟਲਾ ਦੇ ਇੱਕ ਸਟੋਰ ਦੀ ਪਾਰਕਿੰਗ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਜਿੱਥੇ ਇੱਕ ਵਿਅਕਤੀ ਨੇ ਇੱਕ ਕਾਰ ‘ਚ ਬੈਠੇ ਡਰਾਈਵਰ ਦੀ ਹੱਤਿਆ ਕਰ ਦਿੱਤੀ ਜਦ ਕਿ ਕਾਰ ‘ਚ ਬੈਠਾ ਇੱਕ ਹੋਰ ਵਿਅਕਤੀ ਵਾਲ ਵਾਲ ਬਚ ਗਿਆ। ਉਪਰੰਤ ਇਹ ਵਿਅਕਤੀ ਆਪਣੀ ਸਾਬਕਾ ਪਤਨੀ ਦੇ ਘਰ ਗਿਆ ਤੇ ਉਸ ਦੀ ਵੀ ਹੱਤਿਆ ਕਰ ਦਿੱਤੀ। ਲਾਂਸ ਅਨੁਸਾਰ ਪੁਲਿਸ ਨੂੰ ਸ਼ੱਕੀ ਦੋਸ਼ੀ ਦੇ ਘਰ ਦੇ ਪਿਛਵਾੜੇ ਇੱਕ ਛੋਟੀ ਜਿਹੀ ਸੜਕ ਉੱਪਰ ਵੀ ਦੋ ਵਿਅਕਤੀ ਮ੍ਰਿਤਕ ਮਿਲੇ ਜਿਨ੍ਹਾਂ ਦੇ ਗੋਲੀਆਂ ਮਾਰੀਆਂ ਗਈਆਂ ਸਨ। ਇੱਕ ਦੀ ਲਾਸ਼ ਸੜਕ ਉੱਪਰੋਂ ਤੇ ਦੂਸਰੇ ਦੀ ਲਾਸ਼ ਇੱਕ ਵਾਹਣ ਵਿੱਚੋਂ ਮਿਲੀ। ਸ਼ੱਕੀ ਦੋਸ਼ੀ ਨੇ ਦੋ ਹੋਰਨਾਂ ਦੀ ਹੱਤਿਆ ਆਪਣੇ ਘਰ ਦੇ ਨਾਲ ਵਾਲੇ ਘਰ ਵਿੱਚ ਕੀਤੀ। ਪੁਲਿਸ ਦਾ ਵਿਸ਼ਵਾਸ ਹੈ ਕਿ ਇਹ ਮ੍ਰਿਤਕ ਜਿਨ੍ਹਾਂ ਵਿੱਚ ਇੱਕ ਮਰਦ ਤੇ ਇੱਕ ਔਰਤ ਸ਼ਾਮਿਲ ਹੈ, ਸ਼ੱਕੀ ਦੇ ਰਿਸ਼ਤੇਦਾਰ ਸਨ। ਲਾਂਸ ਨੇ ਕਿਹਾ ਹੈ ਕਿ ਪੁਲਿਸ ਨੇ ਸ਼ੱਕੀ ਨੂੰ ਉਸ ਦੇ ਘਰ ਦੇ ਨੇੜਿਉਂ ਹਿਰਾਸਤ ਵਿੱਚ ਲਿਆ ਹੈ ਜਿੱਥੋਂ ਉਹ ਭੱਜਣ ਦੀ ਤਾਕ ਵਿੱਚ ਸੀ। ਸ਼ੱਕੀ ਦੀ ਕਾਰ ਵਿੱਚੋਂ ਕਈ ਹੈਂਡਗੰਨਜ ਤੇ ਇੱਕ ਸ਼ਾਟ ਗੰਨ ਬਰਾਮਦ ਹੋਈ ਹੈ। ਪੁਲਿਸ ਨੇ ਮਾਰੇ ਗਏ ਵਿਅਕਤੀਆਂ ਤੇ ਸ਼ੱਕੀ ਦੋਸ਼ੀ ਦੇ ਨਾਂ ਜਾਰੀ ਨਹੀਂ ਕੀਤੇ ਹਨ। ਸ਼ੱਕੀ ਨੂੰ ਟੇਟ ਕਾਊਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਉਸ ਵਿਰੁੱਧ ਛੇਤੀ ਰਸਮੀ ਦੋਸ਼ ਆਇਦ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ੱਕੀ ਦੋਸ਼ੀ ਦਾ ਇਨ੍ਹਾਂ ਹੱਤਿਆਵਾਂ ਪਿੱਛੇ ਕੀ ਮਕਸਦ ਸੀ, ਇਸ ਬਾਰੇ ਪੁਲਿਸ ਅਜੇ ਕਿਸੇ ਸਿੱਟੇ ਉੱਪਰ ਨਹੀਂ ਪੁੱਜੀ ਹੈ। ਗਵਰਨਰ ਟੇਟ ਰੀਵਸ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਮਾਮਲੇ ਦੀ ਜਾਂਚ ਪੂਰੀ ਡੂੰਘਾਈ ਨਾਲ ਕੀਤੀ ਜਾਵੇਗੀ ਤੇ ਸਮਝਿਆ ਜਾਂਦਾ ਹੈ ਕਿ ਇਕੱਲੇ ਸ਼ੱਕੀ ਨੇ ਹੀ ਇਹ ਕਾਰਾ ਕੀਤਾ ਹੈ।