ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਚਾਨਕ ਕੀਵ (ਯੂਕਰੇਨ) ਪੁੱਜੇ

ਜ਼ੈਲੇਂਸਕੀ ਨਾਲ ਮੁਲਾਕਾਤ ਕਰ ਕੇ ਵਿੱਤੀ ਤੇ ਹਥਿਆਰਾਂ ਦੀ ਮਦਦ ਐਲਾਨੀ
ਕੀਵ, 20 ਫਰਵਰੀ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅੱਜ ਕੀਵ ਦੇ ਅਣਐਲਾਨੇ ਦੌਰੇ ਉਤੇ ਪਹੁੰਚੇ ਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕੀਤੀ। ਜੰਗ ਦਾ ਇਕ ਸਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਬਾਇਡਨ ਦੇ ਇਸ ਦੌਰੇ ਨੂੰ ਅਮਰੀਕਾ ਵੱਲੋਂ ਯੂਕਰੇਨ ਨਾਲ ਖੜ੍ਹੇ ਹੋਣ ਦੇ ਸੰਕੇਤ ਵਜੋਂ ਲਿਆ ਜਾ ਰਿਹਾ ਹੈ। ਜ਼ੈਲੇਂਸਕੀ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ ਯਾਦ ਕੀਤਾ ਕਿ ਇਕ ਸਾਲ ਪਹਿਲਾਂ ਉਨ੍ਹਾਂ ਨੂੰ ਡਰ ਸੀ ਕਿ ਰੂਸੀ ਸੈਨਾ ਤੇਜ਼ੀ ਨਾਲ ਕੀਵ ਉਤੇ ਕਾਬਜ਼ ਹੋ ਜਾਵੇਗੀ, ਪਰ ਇਕ ਸਾਲ ਬਾਅਦ ‘ਅੱਜ ਵੀ ਕੀਵ ਖੜ੍ਹਾ ਹੈ, ਲੋਕਤੰਤਰ ਜਿਊਂਦਾ ਹੈ।’ ਬਾਇਡਨ ਨੇ ਕਿਹਾ, ‘ਅਮਰੀਕੀ ਤੁਹਾਡੇ ਨਾਲ ਹਨ, ਸੰਸਾਰ ਤੁਹਾਡੇ ਨਾਲ ਖੜ੍ਹਾ ਹੈ।’ ਅਮਰੀਕੀ ਰਾਸ਼ਟਰਪਤੀ ਨੇ ਇਹ ਦੌਰਾ ਉਸ ਵੇਲੇ ਕੀਤਾ ਹੈ ਜਦ ਰੂਸ ਤੇ ਯੂਕਰੇਨ ਦੀਆਂ ਫ਼ੌਜਾਂ ਆਉਣ ਵਾਲੀ ਰੁੱਤ ’ਚ ਜੰਗ ਤੇਜ਼ ਕਰਨ ਦੀ ਤਿਆਰੀ ਕਰ ਰਹੀਆਂ ਹਨ। ਅਮਰੀਕਾ ਆਪਣੇ ਸਹਿਯੋਗੀਆਂ ਨੂੰ ਲਾਮਬੰਦ ਕਰ ਕੇ ਯੂਕਰੇਨ ਦੀ ਮਦਦ ਲਈ ਤਿਆਰ ਰੱਖਣਾ ਚਾਹੁੰਦਾ ਹੈ। ਜ਼ੈਲੇਂਸਕੀ ਕਈ ਵਾਰ ਸਹਿਯੋਗੀ ਮੁਲਕਾਂ ਤੋਂ ਹਥਿਆਰ ਮੰਗ ਚੁੱਕੇ ਹਨ। ਉਹ ਪੱਛਮੀ ਮੁਲਕਾਂ ਤੋਂ ਯੂਕਰੇਨ ਲਈ ਲੜਾਕੂ ਜਹਾਜ਼ ਵੀ ਮੰਗ ਚੁੱਕੇ ਹਨ। ਹਾਲਾਂਕਿ ਬਾਇਡਨ ਨੇ ਇਸ ਤੋਂ ਇਨਕਾਰ ਹੀ ਕੀਤਾ ਹੈ। ਕੀਵ ਵਿਚ ਬਾਇਡਨ ਨੇ ਅੱਜ ਯੂਕਰੇਨ ਲਈ ਵਿੱਤੀ ਮਦਦ ਵੀ ਐਲਾਨੀ। ਇਸ ਤੋਂ ਇਲਾਵਾ ਹਥਿਆਰ ਦੇਣ ਦਾ ਐਲਾਨ ਵੀ ਕੀਤਾ। ਜ਼ੈਲੇਂਸਕੀ ਨੇ ਕਿਹਾ ਕਿ ਉਨ੍ਹਾਂ ਬਾਇਡਨ ਕੋਲ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਮੰਗ ਰੱਖੀ ਹੈ।