ਅਮਰੀਕਾ ‘ਚ ਯਹੂਦੀਆਂ ਤੋਂ ਬਾਅਦ ਸਭ ਤੋਂ ਵਧ ਸਿੱਖ ਧਰਮ ਅਧਾਰਤ ਨਫ਼ਰਤੀ ਅਪਰਾਧ ਤੋਂ ਪੀੜਤ-ਐਫ ਬੀ ਆਈ

ਸੈਕਰਾਮੈਂਟੋ, 26 ਫਰਵਰੀ (ਹੁਸਨ ਲੜੋਆ ਬੰਗਾ) – ਅਮਰੀਕਾ ਵਿਚ ਯਹੂਦੀਆਂ ਤੋਂ ਬਾਅਦ ਸਿੱਖ ਭਾਈਚਾਰਾ ਸਭ ਤੋਂ ਵਧ ਧਰਮ ਅਧਾਰਤ ਨਫ਼ਰਤੀ ਅਪਰਾਧ ਦਾ ਸ਼ਿਕਾਰ ਬਣੇ ਹਨ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2021 ਦੌਰਾਨ ਧਰਮ ਨਾਲ ਸਬੰਧਤ 1005 ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਹੋਈਆਂ ਜੋ ਸਮੁੱਚੇ ਤੌਰ ‘ਤੇ ਵਾਪਰੀਆਂ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਦਾ 14.2% ਹਨ। ਧਰਮ ਅਧਾਰਤ ਸਭ ਤੋਂ ਵਧ 31.9% ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਯਹੂਦੀਆਂ ਵਿਰੁੱਧ ਵਾਪਰੀਆਂ ਦੂਸਰਾ ਸਥਾਨ ਸਿੱਖਾਂ ਦਾ ਆਉਂਦਾ ਹੈ ਜਿਨਾਂ ਵਿਰੁੱਧ 21.3% ਧਰਮ ਅਧਾਰਤ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਹੋਈਆਂ। ਮੁਸਲਮਾਨਾਂ ਵਿਰੁੱਧ 9.5% ਧਰਮ ਅਧਾਰਤ ਨਫ਼ਰਤੀ ਅਪਰਾਧ ਹੋਏ। ਇਸ ਤੋਂ ਬਾਅਦ ਕੈਥੋਲਿਕ ਭਾਈਚਾਰਾ ਆਉਂਦਾ ਹੈ ਜਿਨਾਂ ਵਿਰੁੱਧ 6.1% ਨਫ਼ਰਤੀ ਅਪਰਾਧ ਹੋਏ। ਲਾਅ ਇਨਫੋਰਸਮੈਂਟ ਏਜੰਸੀਆਂ ਅਨੁਸਾਰ ਸਮੁੱਚੇ ਤੌਰ ‘ਤੇ 7262 ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ ਜਿਨਾਂ ਵਿਚ 9024 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਸਮਾਜ ਵਿਚ ਧਰਮ,ਜਾਤ ਜਾਂ ਨਸਲ ਅਧਾਰਤ ਨਫ਼ਰਤੀ ਅਪਰਾਧ ਨਿਰੰਤਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। 64.8% ਲੋਕਾਂ ਨੂੰ ਉਨਾਂ ਦੀ ਨਸਲ,ਜਾਤ ਜਾਂ ਵੰਸ਼ ਕਾਰਨ ਨਿਸ਼ਾਨਾ ਬਣਾਇਆ ਗਿਆ। ਕਾਲੇ ਜਾਂ ਅਫਰੀਕੀ ਮੂਲ ਦੇ ਅਮਰੀਕੀ ਸਭ ਤੋਂ ਵਧ ਨਫ਼ਰਤੀ ਅਪਰਾਧ ਦਾ ਸ਼ਿਕਾਰ ਬਣੇ ਹਨ। 2021 ਦੌਰਾਨ ਇਨਾਂ ਵਿਰੁੱਧ 63.2% ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ ਜਦ ਕਿ ਏਸ਼ੀਅਨ ਮੂਲ ਦੇ ਅਮਰੀਕੀਆਂ ਵਿਰੁੱਧ 4.3% ਘਟਨਾਵਾਂ ਹੋਈਆਂ।