ਵਰਲਡ ਰੈਂਕਿੰਗ: ਭਾਰਤੀ ਪੁਰਸ਼ ਹਾਕੀ ਟੀਮ ਚੌਥੇ ਤੇ ਨਿਊਜ਼ੀਲੈਂਡ ਦੀ ਟੀਮ 10ਵੇਂ ਨੰਬਰ ‘ਤੇ ਪੁੱਜੀ

ਆਕਲੈਂਡ, 18 ਮਾਰਚ – ਭਾਰਤੀ ਪੁਰਸ਼ ਹਾਕੀ ਟੀਮ ਪ੍ਰੋ ਲੀਗ ਮੈਚਾਂ ਵਿੱਚ ਵਰਲਡ ਚੈਂਪੀਅਨ ਜਰਮਨੀ ਅਤੇ ਆਸਟਰੇਲੀਆ ਖ਼ਿਲਾਫ਼ ਲਗਾਤਾਰ ਦੋ-ਦੋ ਜਿੱਤਾਂ ਪ੍ਰਾਪਤ ਕਰਨ ਸਦਕਾ ਐੱਫਆਈਐੱਚ (ਇੰਟਰਨੈਸ਼ਨਲ ਹਾਕੀ ਫੈਡਰੇਸ਼ਨ) ਰੈਂਕਿੰਗ ਵਿੱਚ ਦੋ ਸਥਾਨ ਉੱਪਰ ਉੱਠਦਿਆਂ ਹੋਇਆ ਚੌਥੇ ਨੰਬਰ ‘ਤੇ ਪਹੁੰਚ ਗਈ ਹੈ। ਇਸ ਤਰ੍ਹਾਂ ਭਾਰਤ ਰੈਂਕਿੰਗ ਵਿੱਚ ਹਾਕੀ ਦੀ ਸਭ ਤੋਂ ਮਜ਼ਬੂਤ ਟੀਮਾਂ ਵਿੱਚੋਂ ਆਸਟਰੇਲੀਆ ਤੋਂ ਇੱਕ ਸਥਾਨ ਅੱਗੇ ਨਿਕਲ ਗਿਆ ਹੈ। ਆਸਟਰੇਲੀਆ ਦੀ ਟੀਮ ਪੰਜਵੇਂ ਸਥਾਨ ‘ਤੇ ਖਿਸਕ ਗਈ ਹੈ। ਇਸ ਸਾਲ ਜਨਵਰੀ ਵਿੱਚ ਓੜੀਸਾ ‘ਚ ਵਰਲਡ ਕੱਪ ਖ਼ਿਤਾਬ ਜਿੱਤਣ ਮਗਰੋਂ ਸਿਖਰਲੇ ਸਥਾਨ ‘ਤੇ ਪਹੁੰਚਣ ਵਾਲਾ ਜਰਮਨੀ ਭਾਰਤ ਤੋਂ ਲਗਾਤਾਰ ਦੋ ਮੈਚ ਹਾਰਨ ਮਗਰੋਂ ਵੀ ਦੋ ਸਥਾਨ ਥੱਲੇ ਖਿਸਕਦਿਆਂ ਤੀਜੇ ਸਥਾਨ ‘ਤੇ ਆ ਗਿਆ ਹੈ। ਵਰਲਡ ਕੱਪ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲਾ ਨੀਦਰਲੈਂਡ ਸਿਖਰਲੇ ਸਥਾਨ ‘ਤੇ ਹੈ, ਜਦੋਂ ਕਿ ਬੈਲਜ਼ੀਅਮ ਰੈਂਕਿੰਗ ਵਿੱਚ ਦੂਜੇ ਸਥਾਨ ‘ਤੇ ਹੈ। ਜਦੋਂ ਨਿਊਜ਼ੀਲੈਂਡ ਦੀ ਟੀਮ 1899.79 ਪੁਆਇੰਟਾਂ ਨਾਲ 10ਵੇਂ ਅਤੇ ਪਾਕਿਸਤਾਨ ਦੀ ਟੀਮ 1495.19 ਪੁਆਇੰਟਾਂ ਨਾਲ 16ਵੇਂ ਨੰਬਰ ਉੱਤੇ ਹੈ।
ਭਾਰਤ ਵਰਲਡ ਦੀਆਂ ਪਹਿਲੀਆਂ ਪੰਜ ਟੀਮਾਂ ਵਿੱਚ ਸ਼ਾਮਿਲ ਹੈ:
1. ਨੀਦਰਲੈਂਡ (2848.29 ਪੁਆਇੰਟ), 2. ਬੈਲਜ਼ੀਅਮ (2845.82 ਪੁਆਇੰਟ), 3. ਜਰਮਨੀ (2752.12 ਪੁਆਇੰਟ), 4. ਭਾਰਤ (2689.07 ਪੁਆਇੰਟ) ਤੇ 5. ਆਸਟਰੇਲੀਆ (2576.27 ਪੁਆਇੰਟ)