ਪੰਜਾਬ ‘ਚ ਮੋਬਾਈਲ ਇੰਟਰਨੈੱਟ ਅਤੇ ਐੱਸਐਮਐੈੱਸ ਸੇਵਾਵਾਂ ਸੋਮਵਾਰ ਦੁਪਹਿਰ ਤੱਕ ਬੰਦ, ਆਨਲਾਈਨ ਕਾਰੋਬਾਰੀ ਤੇ ਲੋਕ ਪ੍ਰੇਸ਼ਾਨ

ਚੰਡੀਗੜ੍ਹ, 19 ਮਾਰਚ – ਪੰਜਾਬ ਵਿੱਚ ਇੰਟਰਨੈੱਟ ਅਤੇ ਐੱਸਐਮਐੈੱਸ ਸੇਵਾਵਾਂ 20 ਮਾਰਚ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਤੱਕ ਬੰਦ ਰਹਿਣਗੀਆਂ। ਇਹ ਐਲਾਨ ਪੰਜਾਬ ਦੇ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਸ਼ਨਿਚਰਵਾਰ ਦੁਪਹਿਰ ਤੋਂ ਮੋਬਾਈਲ ਇੰਟਰਨੈੱਟ ਅਤੇ ਐੱਸਐਮਐੱਸ ਸੇਵਾ ਬੰਦ ਚੱਲ ਰਹੀ ਹੈ।
ਗੌਰਤਲਬ ਹੈ ਕਿ ਪੰਜਾਬ ਪੁਲੀਸ ਵੱਲੋਂ ਲੰਘੇ ਦਿਨ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਖ਼ਿਲਾਫ਼ ਕੀਤੀ ਕਾਰਵਾਈ ਤੋਂ ਬਾਅਦ ਸੂਬੇ ਵਿੱਚ ਇੰਟਰਨੈੱਟ ਅਤੇ ਐੱਸਐਮਐੱਸ ਸੇਵਾ ਐਤਵਾਰ ਦੁਪਹਿਰ 12 ਵਜੇ ਤੱਕ ਬੰਦ ਕਰ ਦਿੱਤੀ ਸੀ ਜਿਸ ਨੂੰ ਅਗਲੇ 24 ਘੰਟਿਆਂ ਲਈ ਵਧਾ ਦਿੱਤਾ ਗਿਆ ਹੈ। ਉੱਧਰ, ਸੂਬੇ ਵਿੱਚ ਇੰਟਰਨੈੱਟ ਤੇ ਐੱਸਐਮਐੱਸ ਸੇਵਾਵਾਂ ਬੰਦ ਹੋਣ ਕਰਕੇ ਆਮ ਜੀਵਨ ‘ਤੇ ਕਾਫ਼ੀ ਅਸਰ ਪੈ ਰਿਹਾ ਹੈ। ਇੰਟਰਨੈੱਟ ਬੰਦ ਹੋਣ ਕਾਰਨ ਲੋਕਾਂ ਦੇ ਕਾਰੋਬਾਰ ਤੇ ਬੱਚਿਆਂ ਦੀ ਪੜ੍ਹਾਈ ‘ਤੇ ਵੀ ਕਾਫ਼ੀ ਅਸਰ ਪਿਆ ਹੈ ਅਤੇ ਆਨਲਾਈਨ ਕਾਰੋਬਾਰ ਕਰਨ ਵਾਲਿਆਂ ਦੀਆਂ ਦਿੱਕਤਾਂ ਵੱਧ ਗਈਆਂ ਹਨ। ਸੂਬੇ ‘ਚ ਪਿਛਲੇ 24 ਘੰਟੇ ਤੋਂ ਆਨਲਾਈਨ ਖ਼ਰੀਦਦਾਰੀ ਕਰਨ ਅਤੇ ਡਿਜੀਟਲ ਪੇਮੈਂਟ ਸਿਸਟਮ ਵੀ ਠੱਪ ਹੋ ਗਿਆ ਹੈ। ਕਿਉਂਕਿ ਅੱਜਕੱਲ੍ਹ ਬਹੁਤੇ ਲੋਕ ਆਪਣੇ ਕੋਲ ਨਗਦੀ ਰੱਖਣ ਦੀ ਥਾਂ ਡਿਜੀਟਲ ਪੇਮੈਂਟ ਰਾਹੀ ਰੋਜ਼ਾਨਾ ਕਰੋੜਾਂ ਰੁਪਏ ਦਾ ਲੈਣ-ਦੇਣ ਕਰਦੇ ਹਨ। ਵੱਡੀ ਗਿਣਤੀ ਲੋਕ ਦੁਕਾਨਾਂ ‘ਤੇ ਖ਼ਰੀਦਦਾਰੀ ਕਰਨ ਵੇਲੇ ਗੂਗਲ ਪੇਅ, ਫ਼ੋਨ ਪੇਅ ਜਾਂ ਡਿਜੀਟਲ ਪੇਮੈਂਟ ਦੀ ਵਾਧੂ ਵਰਤੋਂ ਕਰਦੇ ਹਨ, ਪਰ ਪੰਜਾਬ ਵਿੱਚ ਸ਼ਨਿਚਰਵਾਰ ਦੁਪਹਿਰ ਤੋਂ ਇੰਟਰਨੈੱਟ ਸੇਵਾ ਬੰਦ ਹੋਣ ਕਰਕੇ ਲੋਕਾਂ ਨੂੰ ਡਿਜੀਟਲ ਲੈਣ-ਦੇਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।