ਆਮ ਆਦਮੀ ਪਾਰਟੀ ਬਹਿਬਲ ਕਲਾਂ ਵਾਲੀ ਗ਼ਲਤੀ ਨਾ ਦੁਹਰਾਏ – ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ

ਟਾਕਾਨੀਨੀ, 19 ਮਾਰਚ – 19 ਮਾਰਚ ਦਿਨ ਐਤਵਾਰ ਦੇ ਦੀਵਾਨਾਂ ‘ਚ ਸ਼ਾਮਿਲ ਵੱਡੀ ਗਿਣਤੀ ‘ਚ ਸੰਗਤ ਨੇ ਜੈਕਾਰੇ ਦੇ ਰੂਪ ‘ਚ ਆਮ ਆਦਮੀ ਪਾਰਟੀ ਜਿਸ ਨੂੰ ਤਾਕਤ ਵਿੱਚ ਆਉਣ ਸਮੇਂ ਵਿਦੇਸ਼ਾਂ ਤੋਂ ਵੱਡੀ ਗਿਣਤੀ ‘ਚ ਸਹਿਯੋਗ ਮਿਲਿਆ ਸੀ ਨੂੰ ਅਪੀਲ ਕੀਤੀ ਹੈ ਕੇ ਪੰਜਾਬ ‘ਚ ਕਿਸੇ ਦਾ ਵੀ ਨਜਾਇਜ਼ ਮੁਕਾਬਲਾ ਨਾ ਕਰੇ। ਕੋਈ ਵੀ ਗ੍ਰਿਫ਼ਤਾਰੀ ਕਾਨੂੰਨੀ ਪ੍ਰਕਿਰਿਆ ਰਾਹੀ ਕੀਤੀ ਜਾਵੇ ਨਾ ਕੇ ਦਹਿਸ਼ਤ ਦਾ ਮਹੌਲ ਉਲੀਕਿਆ ਜਾਵੇ। ਵਿਦੇਸ਼ਾਂ ‘ਚ ਵੱਸ ਦੇ ਸਿੱਖ ਇਸ ਸਮੇਂ ਪੰਜਾਬ ‘ਚ ਹੋ ਰਹੀ ਸਿੱਖਾਂ ਦੀ ਫੜੋ ਫੜਾਈ ਤੋਂ ਪ੍ਰੇਸ਼ਾਨ ਹਨ। ਅੱਜ ਟਾਕਾਨੀਨੀ ਗੁਰੂ ਘਰ ‘ਚ ਹਾਜ਼ਰ ਸੰਗਤਾਂ ਨੇ ਮਤਾ ਪਾਸ ਕਰਕੇ ਇਸ ਸਬੰਧੀ ਸਰਕਾਰ ਨੂੰ ਅਪੀਲ ਕੀਤੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਚੁੱਪ ਤੋੜ ਕੇ ਦਖ਼ਲ ਦੇਣ ਲਈ ਕਿਹਾ ਹੈ।
ਗੌਰਤਲਬ ਹੈ ਕਿ ਨਿਊਜ਼ੀਲੈਂਡ ਦੀ ਸਮੂਹ ਸਿੱਖ ਸੰਗਤਾਂ ‘ਚ ਕੱਲ੍ਹ ਤੋਂ ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਕੇ ਸਿੱਖਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਪ੍ਰਤੀ ਭਾਰੀ ਰੋਸ ਹੈ, ਇਸ ਰੋਸ ਦੇ ਪ੍ਰਗਟਾਵੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਅੱਜ ਟਾਕਾਨੀਨੀ ਗੁਰਦੁਆਰਾ ਸਾਹਿਬ ਪਹੁੰਚ ਕੇ ਨਿਸ਼ਾਨ ਸਾਹਿਬ ਦੇ ਹੇਠਾਂ ਖੜ੍ਹ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਨੇ ਭਾਗ ਲਿਆ। ਅੱਜ ਦੇ ਦੀਵਾਨਾਂ ਵਿੱਚ ਸੰਗਤਾਂ ਨੇ ਸਟੇਟ ਦੀ ਆਮ ਆਦਮੀ ਪਾਰਟੀ ਵੱਲੋਂ ਸੁਰੱਖਿਆ ਦੇ ਨਾਮ ‘ਤੇ ਚੁੱਕੇ ਕਦਮ ਦੀ ਨਿੰਦਾ ਕੀਤੀ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮਾਂ ਰਹਿੰਦੇ ਪੰਥ ਪ੍ਰਤੀ ਆਪਣਾ ਫ਼ਰਜ਼ ਅਦਾ ਕਰਦੇ ਤੁਰੰਤ ਇਸ ਸਬੰਧੀ ਬੋਲਣ ਲਈ ਕਿਹਾ ਹੈ। ਕਿਸੇ ਵੀ ਸਿੱਖ ਨੂੰ ਝੂਠੇ ਮੁਕਾਬਲੇ ‘ਚ ਨਾਂ ਮਾਰਿਆ ਜਾਵੇ ਨਹੀਂ ਤਾਂ ਇਹ ਆਮ ਆਦਮੀ ਪਾਰਟੀ ਦੇ ਮੱਥੇ ‘ਤੇ ਕਲੰਕ ਮੰਨਿਆ ਜਾਵੇਗਾ। ਬਿਨਾਂ ਸਮਾਂ ਗੁਆਏ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਵੀ ਇਸ ਤੇ ਬਿਆਨ ਦੇਣਾ ਚਾਹੀਦਾ ਹੈ।