ਆਕਲੈਂਡ, 10 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਐਨਜ਼ੈੱਡ ਕਾਉਂਸਲ ਆਫ਼ ਸਿੱਖ ਅਫੇਅਰਜ਼ ਦੇ ਪ੍ਰਬੰਧਕਾਂ ਵੱਲੋਂ 8 ਅਪ੍ਰੈਲ ਦਿਨ ਸ਼ਨੀਵਾਰ ਨੂੰ ‘ਰਿਵਾਇਵਿੰਗ ਪੰਥਕ ਸਿੱਖ ਲੀਡਰਸ਼ਿਪ’ (ਨੈਵੀਗੇਟਿੰਗ ਲੈਫ਼ਟ, ਸੈਂਟਰ ਐਂਡ ਰਾਈਟ ਪੋਲਟਿਕਸ) ਦੇ ਨਾਂਅ ’ਤੇ ਇੱਥੇ ਦੇ ਇਲਾਕੇ ਪਾਪਾਟੋਏਟੋਏ ਟਾਊਨ ਹਾਲ, 35 ਸੈਂਟ ਜੌਰਜ ਸਟ੍ਰੀਟ ਵਿਖੇ ਪਹਿਲੀ ਵਾਰ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਵਜੋਂ ਅਮਰੀਕਾ ਤੋਂ ਸ. ਹਰਿੰਦਰ ਸਿੰਘ (ਕੋ-ਫਾਊਂਡਰ ਐਂਡ ਇਨੋਵੇਸ਼ਨ ਡਾਇਰੈਕਟਰ ਸਿੱਖ ਰਿਸਰਚ ਇੰਸਟੀਚਿਊਟ ਯੂਐੱਸਏ) ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਵਿਚਾਰਾਂ ’ਚ ਡੇਟਾ ਰਾਹੀ ਦੱਸਿਆ ਕਿ ਸਿੱਖ ਲੀਡਰਸ਼ਿਪ ਕਿਹੋ ਜਿਹੀ ਹੋਣੀ ਚਾਹੀਦੀ ਹੈ ਅਤੇ ਸਿੱਖ ਲੀਡਰਸ਼ਿਪ ਨੂੰ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ। ਸਟੇਜ ਦਾ ਸੰਚਾਲਨ ਸ. ਗੁਰਤੇਜ ਸਿੰਘ ਨੇ ਕੀਤਾ।
ਸ. ਹਰਿੰਦਰ ਸਿੰਘ ਅਜੋਕੀ ਸਿੱਖ ਲੀਡਰਸ਼ਿਪ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਿੱਖਾਂ ਨੂੰ ਸਿੱਖ ਸਿਆਸਤ ਕਰਨ ਲਈ ਸਿੱਖ ਪੱਖ ਨੂੰ ਪੁਰੀ ਤਰ੍ਹਾਂ ਸਮਝਣ ਦੀ ਲੋੜ ਹੈ। ਸਿਆਸਤ ਤਾਂ ਕਰ ਰਹੇ ਹਾਂ ਪਰ ਸਾਨੂੰ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ। ਸਾਨੂੰ ਲੈਫ਼ਟ, ਸੈਂਟਰ ਐਂਡ ਰਾਈਟ ਸਿਆਸਤ ਨਾਲ ਨੈਵਿਗੇਟ ਕਰਨਾ ਪੈਣਾ। ਉਨ੍ਹਾਂ ਇਸ ਮੌਕੇ ਨਿਊਜ਼ੀਲੈਂਡ ਦੀ ਸਿਆਸਤ ਬਾਰੇ ਵੀ ਗੱਲਬਾਤ ਕੀਤੀ ਕਿ ਸਾਨੂੰ ਸਿੱਖਾਂ ਨੂੰ ਇਨ੍ਹਾਂ ਪਾਰਟੀਆਂ ਬਾਰੇ ਸਮਝ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਅੱਜ ਦੀ ਸਚਾਈ ਨੂੰ ਸਮਝ ਕੇ ਸਿਆਸਤ ਕਰਨੀ ਪਵੇਗੀ।
ਮੌਜੂਦਾ ਹਾਲਤਾ ਵਿੱਚ ਸਾਨੂੰ ਅੱਜ ਦੀ ਸਿਆਸਤ ਨਾਲ ਬਦਲਣ ਦੀ ਲੋੜ ਹੈ ਪਰ ਗੁਰਬਾਣੀ ਤੋਂ ਸੇਧ ਲੈਣੀ ਪਵੇਗੀ। ਸਾਨੂੰ ਹਰ ਇੱਕ ਨਾਲ ਸੰਬੰਧ ਸਥਾਪਿਤ ਕਰਨ ਦੀ ਲੋੜ ਹੈ। ਸਾਡਾ ਗੁਰੂ ਗ੍ਰੰਥ ਸਾਹਿਬ ਸੇਧ ਦੇਣ ਵਾਲਾ ਗ੍ਰੰਥ ਹੈ, ਸਿੱਖ ਲੀਡਰਸ਼ਿਪ ਦਾ ਮਾਡਲ ਗੁਰਬਾਣੀ ਤੋਂ ਨਿਕਲਦਾ ਹੈ ਕਿ ਰਾਜ ਕਿੱਦਾਂ ਦਾ ਹੋਵੇ, ਗਵਰਨੈਂਸ ਕਿੱਦਾਂ ਦੀ ਹੋਵੇ ਉਹ ਦੇ ਵਿੱਚੋਂ ਗੱਲ ਪੈਦਾ ਕਰੇ। ਉਨ੍ਹਾਂ ਹਾਜ਼ਰ ਸਰੋਤਿਆਂ ਨੂੰ ਸਲਾਈਡ ਰਾਹੀ ਦੱਸਿਆਂ ਕਿ ਸਿਆਸਤ ’ਚ ਗੱਠਜੋੜ ਕਿਵੇਂ ਦਾ ਹੋਵੇ, ਸਹਿਯੋਗੀ ਕਿਹੋ ਜਿਹਾ ਹੋਣਾ ਚਾਹੀਦਾ, ਰਾਜਨੀਤੀ ਦੀਆਂ ਅਸਲੀਅਤਾਂ ਨੂੰ ਨੈਵੀਗੇਟ ਕਰਨਾ ਸਿੱਖੋ, ਅੱਜ ਦੇ ਮੁੱਦੇ ਅਤੇ ਉਦੇਸ਼ਾਂ ਬਾਰੇ ਜਾਣੋ, ਪੰਜਾਬ ਅਤੇ ਸਿੱਖ ਸਿਆਸੀ ਪਾਰਟੀਆਂ ਨੂੰ ਸਮਝਣ ਦੀ ਲੋੜ ਹੈ, ਉਨ੍ਹਾਂ ਇੱਕਓਮਕਾਰ ਦੀ ਵੀ ਗੱਲ ਕੀਤੀ। ਉਨ੍ਹਾਂ ਸਾਂਝੀ ਪੰਥਕ ਅਰਦਾਸ ਦੇ ਨਾਲ ਸਿੱਖ ਅਤੇ ਉਨ੍ਹਾਂ ਦੇ ਗੱਠਜੋੜ (1947-1982) ਪੰਜਾਬ ਸਬ ਮੂਵਮੈਂਟ, ਆਨੰਦਪੁਰ ਸਾਹਿਬ ਰੈਜ਼ੋਲੂਸ਼ਨ (1973) ਤੇ ਧਰਮ ਜੁੱਧ ਮੋਰਚਾ (1982) ਦੀ ਗੱਲ ਵੀ ਕਹੀ ਅਤੇ ਅੰਤ ’ਚ ਪੰਜਾਬ ਦੇ ਨਾਲ ਮਾਰਚ-ਅਪ੍ਰੈਲ 2023 ਵਿੱਚ ਕਿਵੇਂ ਸਿੱਖਾਂ ਦੇ ਕਰੀ ਰੰਗ ਸਾਹਮਣੇ ਆਏ ਅਤੇ ਅੰਤ ਵਿੱਚ ਐਕਸ਼ਨ ਦੀ ਗੱਲ ਕਹੀ ਕਿ ਕਿਵੇਂ ਕੱਲੇ-ਕੱਲੇ ਦੀ ਥਾਂ ਸਾਂਝੇ ਹੋ ਕੇ ਸਿੱਖਾਂ ਨੂੰ ਬੇਗਮਪੁਰਾ ਵਾਲੇ ਸਿੱਖ ਵਿਜ਼ਨ ਨੂੰ ਲੈ ਕੇ ਚੱਲਣ ਦੀ ਲੋੜ ਹੈ।
ਉਨ੍ਹਾਂ ਤੋਂ ਇਲਾਵਾ ਪੈਨਲ ’ਚ ਐਨਜ਼ੈੱਡਸੀਐੱਸਏ ਵੱਲੋਂ ਸ. ਤੇਜਵੀਰ ਸਿੰਘ, ਸਾਬਕਾ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ, ਸ. ਰਾਮ ਸਿੰਘ ਤੇ ਬੀਬੀ ਜੀਤ ਕੌਰ ਸ਼ਾਮਿਲ ਸਨ ਜਿਨ੍ਹਾਂ ਆਪਣੇ ਸੰਖੇਪ ਵਿਚਾਰ ਰੱਖੇ, ਬੁਲਾਰਿਆਂ ’ਚੋਂ ਵਕੀਲ ਸ. ਅਰੁਣਜੀਵ ਸਿੰਘ ਵਾਲੀਆ ਨੇ ਵੀ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦੇ ਅੰਤ ਵਿੱਚ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਸ. ਹਰਿੰਦਰ ਸਿੰਘ ਹੋਣਾ ਨੂੰ ਸ. ਤੇਜਵੀਰ ਸਿੰਘ ਅਤੇ ਰਾਣਾ ਜੱਜ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਕੂਕ ਪੰਜਾਬੀ ਸਮਾਚਾਰ ਦੇ ਐਡੀਟਰ ਸ. ਅਮਰਜੀਤ ਸਿੰਘ ਅਤੇ ਐਨਜ਼ੈੱਡਸੀਐੱਸਏ ਦੀ ਟੀਮ ਜਿਸ ਨੇ ਸੈਮੀਨਾਰ ਨੂੰ ਸਫਲ ਬਣਾਉਣ ’ਚ ਯੋਗਦਾਨ ਪਾਇਆ, ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Home Page ਐਨਜ਼ੈੱਡਸੀਐੱਸਏ ਵੱਲੋਂ ‘ਰਿਵਾਇਵਿੰਗ ਪੰਥਕ ਸਿੱਖ ਲੀਡਰਸ਼ਿਪ’ ਬਾਰੇ ਪਾਪਾਟੋਏਟੋਏ ਵਿਖੇ ਪਹਿਲੀ ਵਾਰ ਸੈਮੀਨਾਰ...