ਸਰੀ, 17 ਅਪ੍ਰੈਲ (ਹਰਦਮ ਮਾਨ) – ਬੀਤੇ ਦਿਨ ਮਾਂ ਬੋਲੀ ਅੰਤਰਰਾਸ਼ਟਰੀ ਫਿਲਮ ਮੇਲਾ ਅਤੇ ਚਿੱਤਰ ਕਲਾ ਪ੍ਰਦਰਸ਼ਨੀ ‘ਵਿਚ ਪ੍ਰਦੇਸ ਪੰਜਾਬ’ ਦਾ ਉਦਘਾਟਨੀ ਸਮਾਰੋਹ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਵਿਹੜੇ ਵਿਚ ਹੋਇਆ ਜਿਸ ਵਿਚ ਵੱਡੀ ਗਿਣਤੀ ਵਿਚ ਕਲਾ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
ਸ਼ਾਇਰ ਮੋਹਨ ਗਿੱਲ ਨੇ ਸਮਾਰੋਹ ਦਾ ਆਗਾਜ਼ ਕਰਦਿਆਂ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਮੇਲੇ ਅਤੇ ਪ੍ਰਦਰਸ਼ਨੀ ਦੇ ਰੂਹੇ-ਰਵਾਂ ਜਰਨੈਲ ਸਿੰਘ ਆਰਟਿਸਟ ਅਤੇ ਨਵਪ੍ਰੀਤ ਰੰਗੀ ਦੀ ਕਲਾ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਨਵਲਪ੍ਰੀਤ ਰੰਗੀ ਨੇ ਦੱਸਿਆ ਕਿ ਇਹ ਫਿਲਮ ਮੇਲਾ ਅਤੇ ਚਿੱਤਰ ਕਲਾ ਪ੍ਰਦਰਸ਼ਨੀ 23 ਅਪ੍ਰੈਲ ਤੱਕ ਜਾਰੀ ਰਹਿਣਗੇ। ਕਲਾ ਪ੍ਰੇਮੀ ਹਰ ਰੋਜ਼ ਜਰਨੈਲ ਆਰਟਸ ਗੈਲਰੀ, ਸਰੀ ਵਿਖੇ ਚਿੱਤਰ ਕਲਾ ਪ੍ਰਦਰਸ਼ਨੀ ਦੇਖ ਸਕਣਗੇ ਅਤੇ ਵੱਖ ਵੱਖ ਵਿਸ਼ਿਆਂ ਤੇ ਆਧਾਰਤ ਕਲਾ ਅਤੇ ਲਘੂ ਫਿਲਮਾਂ 21 ਅਪ੍ਰੈਲ ਨੂੰ ਪੰਜਾਬ ਭਵਨ ਸਰੀ ਵਿਖੇ ਸ਼ਾਮ 5.30 ਤੋਂ 9.30 ਵਜੇ ਤੱਕ ਦਿਖਾਈਆਂ ਜਾਣਗੀਆਂ। ਚਿੱਤਰ ਕਲਾ ਪ੍ਰਦਰਸ਼ਨੀ ਅਤੇ ਫਿਲਮ ਮੇਲੇ ਵਿਚ ਦਾਖ਼ਲਾ ਬਿਲਕੁਲ ਮੁਫ਼ਤ ਹੈ। ਇਸ ਮੇਲੇ ਦਾ ਸਮਾਪਤੀ ਸਮਾਗਮ 23 ਅਪ੍ਰੈਲ ਨੂੰ ਹੋਵੇਗਾ।
ਇਸ ਮੌਕੇ ਬੋਲਦਿਆਂ ਸਾਹਿਤ, ਕਲਾ ਅਤੇ ਮੀਡੀਆ ਨਾਲ ਸੰਬੰਧਤ ਸ਼ਖ਼ਸੀਅਤਾਂ ਹਰਭਜਨ ਗਿੱਲ, ਡਾ. ਪ੍ਰਭਜੋਤ ਪਰਮਾਰ, ਹਰਪ੍ਰੀਤ ਸਿੰਘ, ਡਾ. ਰਿਸ਼ੀ ਸਿੰਘ, ਡਾ. ਗੁਰਬਾਜ਼ ਸਿੰਘ ਬਰਾੜ, ਬਖਸ਼ਿੰਦਰ ਅਤੇ ਰਮਿੰਦਰਜੀਤ ਧਾਮੀ ਨੇ ਜਰਨੈਲ ਸਿੰਘ ਆਰਟਿਸਟ ਅਤੇ ਨਵਲਪ੍ਰੀਤ ਰੰਗੀ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਕਲਾ ਪ੍ਰਦਰਸ਼ਨੀਆਂ ਅਤੇ ਫਿਲਮ ਮੇਲਿਆਂ ਦੀ ਅੱਜ ਬਹੁਤ ਲੋੜ ਹੈ। ਕੁਝ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਕੈਨੇਡਾ ਦੀ ਨਵੀਂ ਪੰਜਾਬੀ ਪੀੜ੍ਹੀ ਨੂੰ ਕਲਾ, ਸਾਹਿਤ ਅਤੇ ਪੰਜਾਬੀ ਮਾਂ ਬੋਲੀ ਸੰਬੰਧੀ ਵੈਨਕੂਵਰ ਖੇਤਰ ਵਿਚ ਹੋ ਰਹੀਆਂ ਸਰਗਰਮੀਆਂ ਨਾਲ ਜੋੜਣ ਦਾ ਕਾਰਜ ਅੱਜ ਦੇ ਸੰਦਰਭ ਵਿਚ ਬਹੁਤ ਮਹੱਤਵਪੂਰਨ ਹੈ ਅਤੇ ਸਾਨੂੰ ਸਭ ਨੂੰ ਆਪਣੇ ਪੱਧਰ ‘ਤੇ ਅਤੇ ਰਲ ਕੇ ਯਤਨ ਕਰਨੇ ਚਾਹੀਦੇ ਹਨ।
ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਵੀਂ ਪੀੜ੍ਹੀ ਨੂੰ ਕਲਾ ਨਾਲ ਜੋੜਣ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਸਮੇਂ ਵਿਚ ਬਾਲ ਚਿੱਤਰਕਾਰਾਂ ਦੀਆਂ ਕ੍ਰਿਤਾਂ ਦੀ ਲਾਈ ਗਈ ਪ੍ਰਦਰਸ਼ਨੀ ਵੀ ਇਨ੍ਹਾਂ ਯਤਨਾਂ ਦਾ ਇਕ ਹਿੱਸਾ ਸੀ। ਉਨ੍ਹਾਂ ਕਿਹਾ ਕਿ ਅਸੀਂ ਪੂਰਨ ਤੌਰ ‘ਤੇ ਆਸਵੰਦ ਹਾਂ ਕਿ ਆ ਰਹੀ ਪੀੜ੍ਹੀ ਦੇ ਕਲਾਕਾਰ ਕਲਾ ਅਤੇ ਸਾਹਿਤ ਦੇ ਖੇਤਰ ਵਿਚ ਆਧੁਨਿਕ ਅਤੇ ਮੌਲਿਕ ਕਿਰਤਾਂ ਨਾਲ ਜ਼ਿਕਰਯੋਗ ਯੋਗਦਾਨ ਪਾਉਣਗੇ। ਉਨ੍ਹਾਂ ਉਦਘਾਟਨੀ ਸਮਾਰੋਹ ਵਿਚ ਭਰਵੀਂ ਸ਼ਮੂਲੀਅਤ ਕਰਨ ਲਈ ਸਭਨਾਂ ਦਾ ਧੰਨਵਾਦ ਕੀਤਾ।
ਇਸ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ ਪੰਧੇਰ, ਸੰਦੀਪ ਸਿੰਘ ਧੰਜੂ, ਹਰਦਮ ਸਿੰਘ ਮਾਨ, ਅਮਰੀਕ ਪਲਾਹੀ, ਅੰਗਰੇਜ਼ ਸਿੰਘ ਬਰਾੜ, ਨਵਰੂਪ ਸਿੰਘ, ਡਾ. ਸੁਖਵਿੰਦਰ ਵਿਰਕ, ਡਾ. ਫਰੀਦ (ਲਾਹੌਰ), ਅਮਨ ਸੀ ਸਿੰਘ, ਡਾ. ਚਰਨਜੀਤ ਸਿੰਘ, ਮਹਿੰਦਰਪਾਲ ਸਿੰਘ ਪਾਲ, ਇੰਦਰਜੀਤ ਧਾਮੀ, ਤੇਜਪਾਲ ਸਿੰਘ ਮਾਨ, ਨੀਤੀ ਸਿੰਘ, ਬੀਰਯੁਵਰਾਜ ਸਿੰਘ, ਵਰਿੰਦਰ ਮੌੜ, ਮਿਸਜ਼ ਡਾ. ਰਿਸ਼ੀ ਸਿੰਘ ਹਾਜ਼ਰ ਸਨ।