ਵਾਇਰਲ ਵੀਡੀਓ ਅਨੁਸਾਰ ਅੰਮ੍ਰਿਤਪਾਲ ਨੇ ਆਤਮ-ਸਮਰਪਣ ਕੀਤਾ; ਪੁਲੀਸ ਨੇ ਗ੍ਰਿਫ਼ਤਾਰੀ ਦਾ ਕੀਤਾ ਦਾਅਵਾ
ਚੰਡੀਗੜ੍ਹ, 23 ਅਪ੍ਰੈਲ – ਪੰਜਾਬ ਪੁਲੀਸ ਨੇ ਸਾਂਝਾ ਅਪਰੇਸ਼ਨ ਕਰਕੇ 35 ਦਿਨਾਂ ਤੋਂ ਫ਼ਰਾਰ ਚੱਲ ਰਹੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਨੂੰ ਅੱਜ ਤੜਕਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅੰਮ੍ਰਿਤਸਰ (ਦਿਹਾਤੀ) ਦੇ ਐੱਸਐੱਸਪੀ ਸਤਿੰਦਰ ਸਿੰਘ ਅਤੇ ਇੰਟੈਲੀਜੈਂਸ ਦੇ ਸਾਂਝੇ ਅਪਰੇਸ਼ਨ ਤਹਿਤ ਅੱਜ ਸਵੇਰੇ 6.45 ਵਜੇ ਪਿੰਡ ਰੋਡੇ ਤੋਂ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਦੌਰਾਨ ਇਕ ਵੀਡੀਓ ਵੀ ਵਾਇਰਲ ਹੋਇਆ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਨੇ ਪਿੰਡ ਰੋਡੇ ਦੇ ਗੁਰਦੁਆਰੇ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਹ ਪੁਲੀਸ ਅੱਗੇ ਆਤਮ ਸਮਰਪਣ ਕਰਨ ਲੱਗਾ ਹੈ।
ਪੰਜਾਬ ਪੁਲੀਸ ਦੇ ਆਈਜੀ ਡਾ. ਸੁਖਚੈਨ ਸਿੰਘ ਗਿੱਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਸੁਰੱਖਿਆ ਐਕਟ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਅੰਮ੍ਰਿਤਪਾਲ ਨੂੰ ਫੜਨ ਲਈ 18 ਮਾਰਚ ਤੋਂ ਸ਼ੁਰੂ ਹੋਇਆ ਅਪਰੇਸ਼ਨ ਅੱਜ ਖ਼ਤਮ ਹੋ ਗਿਆ ਹੈ।
ਪੰਜਾਬ ਪੁਲੀਸ ਦੇ ਬੁਲਾਰੇ ਡਾ.ਗਿੱਲ ਨੇ ਦਾਅਵਾ ਕੀਤਾ ਕਿ ਪਿੰਡ ਰੋਡੇ ਦੀ ਏਨੀ ਘੇਰਾਬੰਦੀ ਕੀਤੀ ਗਈ ਕਿ ਅੰਮ੍ਰਿਤਪਾਲ ਨੂੰ ਬਚਣ ਦਾ ਕੋਈ ਰਾਹ ਨਾ ਲੱਭਾ ਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਵੱਲੋਂ ਪਿੰਡ ਰੋਡੇ ਦੇ ਗੁਰਦੁਆਰਾ ਸੰਤ ਖ਼ਾਲਸਾ ’ਚ ਪੰਜ ਬਾਣੀਆਂ ਦਾ ਪਾਠ ਕੀਤਾ ਗਿਆ ਤੇ ਉਸ ਨੇ ਸੰਗਤਾਂ ਨੂੰ ਵੀ ਸੰਬੋਧਨ ਕੀਤਾ। ਉਸ ਮਗਰੋਂ ਅੰਮ੍ਰਿਤਪਾਲ ਵੱਲੋਂ ਆਤਮ ਸਮਰਪਣ ਕੀਤੇ ਜਾਣ ਦੀ ਗੱਲ ਵੀ ਆਖੀ ਗਈ।
ਅੰਮ੍ਰਿਤਪਾਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ 23 ਅਪਰੈਲ ਨੂੰ ਆਤਮ ਸਮਰਪਣ ਕਰਨ ਦੀ ਗੱਲ ਆਖ ਰਿਹਾ ਹੈ। ਅੱਜ ਸਵੇਰੇ ਉਹ ਪਿੰਡ ਰੋਡੇ ਦੇ ਗੁਰੂ ਘਰ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਤਮ ਸਮਰਪਣ ਦਾ ਐਲਾਨ ਕਰਦਾ ਹੈ। ਇਸ ਵੀਡੀਓ ਤੋਂ ਇੰਜ ਲੱਗਦਾ ਹੈ ਕਿ ਅੰਮ੍ਰਿਤਪਾਲ ਨੇ ਆਤਮ ਸਮਰਪਣ ਕੀਤਾ ਹੈ। ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਉਸ ਵੱਲੋਂ ਕੀਤੀ ਘੇਰਾਬੰਦੀ ਕਰਕੇ ਦਬਾਓ ਬਣਨ ਮਗਰੋਂ ਹੀ ਅੰਮ੍ਰਿਤਪਾਲ ਕੋਲ ਕੋਈ ਰਾਹ ਨਹੀਂ ਬਚਿਆ ਜਿਸ ਕਰਕੇ ਉਸ ਨੂੰ ਗ੍ਰਿਫ਼ਤਾਰੀ ਦੇਣੀ ਪਈ। ਅੰਮ੍ਰਿਤਪਾਲ ਸਿੰਘ ਨੇ ਅੱਜ ਗੁਰੂ ਘਰ ਵਿੱਚੋਂ ਜਾਰੀ ਸੰਦੇਸ਼ ’ਚ ਕਿਹਾ ਕਿ ‘ਗ੍ਰਿਫ਼ਤਾਰੀ ਅੰਤ ਨਹੀਂ ਬਲਕਿ ਸ਼ੁਰੂਆਤ ਹੈ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜਨਮ ਭੂਮੀ ’ਤੇ ਉਨ੍ਹਾਂ ਦੀ ਦਸਤਾਰਬੰਦੀ ਹੋਈ ਸੀ। ਉਹ ਇੱਕ ਦਿਨ ਮੁੜ ਆਪਣੇ ਲੋਕਾਂ ਵਿਚ ਆਉਣ ਦੇ ਯੋਗ ਹੋਣਗੇ ਅਤੇ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਮੈਨੂੰ ਪਹਿਲਾਂ ਵੀ ਗ੍ਰਿਫ਼ਤਾਰੀ ਦਾ ਡਰ ਨਹੀਂ ਸੀ ਅਤੇ ਨਾ ਹੁਣ ਕੋਈ ਡਰ ਹੈ। ਉਹ ਝੂਠੇ ਕੇਸਾਂ ਦਾ ਸਾਹਮਣਾ ਕਰੇਗਾ। ਉਸ ਦੇ ਸਮਰਥਕਾਂ ’ਤੇ ਪੁਲੀਸ ਵੱਲੋਂ ਜ਼ੁਲਮ ਕੀਤੇ ਜਾ ਰਹੇ ਸਨ ਜਿਸ ਕਰਕੇ ਉਨ੍ਹਾਂ ਆਤਮ ਸਮਰਪਣ ਕਰਨ ਦਾ ਫ਼ੈਸਲਾ ਕੀਤਾ ਜਦੋਂ ਕਿ ਉਸ ਕੋਲ ਦੂਸਰੇ ਦੇਸ਼ਾਂ ਵਿਚ ਜਾਣ ਦੇ ਮੌਕੇ ਸਨ।’’ ਉਸ ਨੇ ਕਿਹਾ ਕਿ ਉਹ ਗੁਰੂ ਦਾ ਆਸ਼ੀਰਵਾਦ ਲੈਣ ਮਗਰੋਂ ਆਤਮ ਸਮਰਪਣ ਕਰੇਗਾ। ਚੇਤੇ ਰਹੇ ਕਿ ਪਿੰਡ ਰੋਡੇ ਵਿਚ ਦਸਤਾਰਬੰਦੀ ਹੋਣ ਮਗਰੋਂ ਅੰਮ੍ਰਿਤਪਾਲ ਨੇ ਆਪਣੇ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।
ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਵੀ ਕਿਹਾ ਕਿ ਅੰਮ੍ਰਿਤਪਾਲ ਨੇ ਖ਼ੁਦ ਹੀ ਗੁਰੂ ਘਰ ’ਚੋਂ ਬਾਹਰ ਜਾ ਕੇ ਆਪਣੀ ਮਰਜ਼ੀ ਨਾਲ ਆਤਮ ਸਮਰਪਣ ਕੀਤਾ ਹੈ। ਪੁਲੀਸ ਗ੍ਰਿਫ਼ਤਾਰੀ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਦੇ ਹਵਾਈ ਅੱਡੇ ’ਤੇ ਲੈ ਕੇ ਗਈ, ਜਿੱਥੋਂ ਵਿਸ਼ੇਸ਼ ਹਵਾਈ ਜਹਾਜ਼ ਵਿਚ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਿਜਾਇਆ ਗਿਆ। ਡਿਬਰੂਗੜ੍ਹ ਦੇ ਹਵਾਈ ਅੱਡੇ ਤੋਂ ਜੇਲ੍ਹ ਤੱਕ ਦੇ ਰਸਤੇ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਅਤੇ ਕਰੀਬ ਸਵਾ ਦੋ ਵਜੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ’ਚ ਛੱਡਿਆ ਗਿਆ, ਜਿੱਥੇ ਉਸ ਦੇ 9 ਸਾਥੀ ਪਹਿਲਾਂ ਹੀ ਐੱਨਐੱਸਏ ਤਹਿਤ ਬੰਦ ਹਨ। ਪੰਜਾਬ ਪੁਲੀਸ ਨੇ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਮਗਰੋਂ ਪੂਰੇ ਪੰਜਾਬ ਵਿਚ ਚੌਕਸੀ ਵਧਾ ਦਿੱਤੀ ਹੈ। ਪੁਲੀਸ ਨੇ ਪਿੰਡ ਰੋਡੇ, ਮੁਹਾਲੀ ਅਤੇ ਮੁਕਤਸਰ ਸਮੇਤ ਦਰਜਨਾਂ ਸ਼ਹਿਰਾਂ ਵਿਚ ਫਲੈਗ ਮਾਰਚ ਵੀ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਹ ਭਗੌੜੇ ਅੰਮ੍ਰਿਤਪਾਲ ਨੂੰ ਫੜਨ ਲਈ ਸ਼ਨਿੱਚਰਵਾਰ ਸ਼ਾਮ ਤੋਂ ਚੱਲ ਰਹੇ ਅਪ੍ਰੇਸ਼ਨ ਬਾਰੇ ਜਾਣੂ ਸਨ। ਸ਼ਨਿੱਚਰਵਾਰ-ਐਤਵਾਰ ਦੀ ਰਾਤ ਉਹ ਸੁੱਤੇ ਵੀ ਨਹੀਂ ਕਿਉਂਕਿ ਉਹ ਅਧਿਕਾਰੀਆਂ ਤੋਂ ਹਰ 15 ਮਿੰਟ ਬਾਅਦ ਜਾਣਕਾਰੀ ਲੈਂਦੇ ਸਨ।
Home Page ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਪਿੰਡ ਰੋਡੇ ਤੋਂ ਗ੍ਰਿਫ਼ਤਾਰ,...